ਪੰਜਾਬ ਵਿਚ ਆਏ ਹੜ੍ਹਾਂ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਟਵੀਟ ਕਰਦੇ ਲਿਖਿਆ ਪੰਜਾਬ ਵਿਚ ਹੜ੍ਹ ਨਾਲ ਜੋ ਹਾਲਾਤ ਹਨ, ਉਸ ਤੋਂ ਮਾਣਯੋਗ ਪ੍ਰਧਾਨ ਮੰਤਰੀ ਜੀ ਬਹੁਤ ਚਿੰਤਤ ਹਨ। ਉਨ੍ਹਾਂ ਦੇ ਨਿਰਦੇਸ਼ ‘ਤੇ ਮੈਂ ਇਥੋਂ ਦੇ ਹਾਲਾਤ ਸਮਝਣ ਪੰਜਾਬ ਆਇਆ ਸੀ। ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਹੈ। ਫਸਲਾਂ ਤਬਾਹ ਤੇ ਬਰਬਾਦ ਹੋ ਗਈਆਂ ਹਨ। ਸੰਕਟ ਦੀ ਇਸ ਘੜੀ ਵਿਚ ਕੇਂਦਰ ਸਰਕਾਰ ਪੰਜਾਬ ਦੀ ਜਨਤਾ ਤੇ ਕਿਸਾਨਾਂ ਦੇ ਨਾਲ ਖੜ੍ਹੀ ਹੈ। ਹੁਣ ਹੜ੍ਹ ਪੀੜਤ ਇਲਾਕਿਆਂ ਦੇ ਪੁਨਰ ਨਿਰਮਾਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ। ਪੰਜਾਬ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਲਈ ਯੋਜਨਾਵਾਂ ਬਣਾਉਣੀਆਂ ਹੋਣਗੀਆਂ।
ਮੈਂ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਨੁਕਸਾਨ ਦੀ ਵਿਸਤ੍ਰਿਤ ਰਿਪੋਰਟ ਸੌਂਪਾਂਗਾ। ਸੰਕਟ ਵੱਡਾ ਹੈ ਪਰ ਇਸ ਸੰਕਟ ਤੋਂ ਨਿਕਲਣ ਲਈ ਕੇਂਦਰ ਸਰਕਾਰ ਕੋਈ ਵੀ ਕਸਰ ਨਹੀਂ ਛੱਡੇਗੀ। ਨਾਲ ਹੀ ਸੂਬਾ ਸਰਕਾਰ ਨੂੰ ਵੀ ਪੂਰੀ ਗੰਭੀਰਤਾ ਨਾਲ ਜ਼ਮੀਨੀ ਪੱਧਰ ‘ਤੇ ਕੰਮ ਕਰਨਾ ਹੋਵੇਗਾ। ਜਦੋਂ ਪਾਣੀ ਉਤਰੇਗਾ ਤਾਂ ਬੀਮਾਰੀ ਫੈਲਣ ਦਾ ਖਤਰਾ ਸਾਹਮਣੇ ਹੋਵੇਗਾ। ਮਰੇ ਹੋਏ ਪਸ਼ੂਆਂ ਦਾ ਸੁਰੱਖਿਅਤ ਤਰੀਕੇ ਨਾਲ ਪ੍ਰਬੰਧ ਕਰਨਾ ਹੋਵੇਗਾ ਤਾਂ ਜੋ ਬੀਮਾਰੀ ਨਾ ਫੈਲੇ। ਖੇਤਾਂ ਵਿਚ ਸਿਲਟ ਜਮ੍ਹਾ ਹੋ ਗਈ ਹੈ, ਉਸ ਨੂੰ ਹਟਾਉਣ ਦੀ ਯੋਜਨਾ ਬਣਾਉਣੀ ਹੋਵੇਗੀ ਤਾਂ ਜੋ ਅਗਲੀ ਫਸਲ ‘ਤੇ ਸੰਕਟ ਨਾ ਰਹੇ।
ਨਾਜਾਇਜ਼ ਮਾਈਨਿੰਗ ਨਾਲ ਹੜ੍ਹ ਆਏ ਹਨ। ਜਦੋਂ ਅਟਲ ਜੀ ਪ੍ਰਧਾਨ ਮੰਤਰੀ ਸਨ ਤੇ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਦੋਂ ਫਸਲਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਤਲੁਜ, ਬਿਆਨਸ, ਰਾਵੀ ਤੇ ਘੱਗਰ ਨਦੀਆਂ ਦੇ ਕਿਨਾਰਿਆਂ ‘ਤੇ ਬੰਨ੍ਹ ਮਜ਼ਬੂਤ ਤੇ ਉੱਚੇ ਕੀਤੇ ਗਏ ਪਰ ਨਾਜਾਇਜ਼ ਮਾਈਨਿੰਗ ਕਰਕੇ ਉਹ ਕਮਜ਼ੋਰ ਹੋ ਗਏ ਜਿਸ ਕਰਕੇ ਪਿੰਡਾਂ ਵਿਚ ਪਾਣੀ ਆ ਗਿਆ। ਇਸ ਦੀ ਰਿਪੋਰਟ ਪੀਐੱਮ ਨੂੰ ਸੌਂਪਾਂਗਾ।
ਦੂਜੇ ਪਾਸੇ ਇਸ ਤੋਂ ਪਹਿਲਾਂ ਹੜ੍ਹ ‘ਤੇ ਜਨਤਹਿਤ ਪਟੀਸ਼ਨ ਦੀ ਤੁਰੰਤ ਸੁਣਵਾਈ ਤੋਂ ਹਾਈਕੋਰਟ ਨੇ ਇਨਕਾਰ ਕਰ ਦਿੱਤਾ। ਚੀਫ ਜਸਟਿਸ ਨੇ ਕਿਹਾ ਕਿ ਇਸ ਸਮੇਂ ਅਧਿਕਾਰੀ ਜ਼ਮੀਨੀ ਹਾਲਾਤ ਸੰਭਾਲਣ ਵਿਚ ਜੁਟੇ ਹੋਏ ਹਨ, ਇਸ ਲਈ ਉਨ੍ਹਾਂ ਨੂੰ ਹਲਫਨਾਮਾ ਦਾਖਲ ਕਰਨ ਲਈ ਮਜਬੂਰ ਨਹੀਂ ਕਰ ਸਕਦੇ। ਅਜੇ ਹਾਲਾਤ ਨੂੰ ਸੰਭਾਲਣਾ ਪਹਿਲ ਹੈ, ਬਾਅਦ ਵਿਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























