ਭਾਰਤ ਏਸ਼ੀਆ ਕੱਪ ਦੇ ਫਾਈਨਲ ਵਿਚ ਪਹੁੰਚ ਗਈ। ਸੁਪਰ-4 ਵਿਚ ਹੁਣ ਭਾਰਤ ਦਾ ਇਕ ਮੁਕਾਬਲਾ ਬਚਿਆ ਹੈ ਜੋ 26 ਸਤੰਬਰ ਨੂੰ ਸ਼੍ਰੀਲੰਕਾ ਖਿਲਾਫ ਖੇਡਿਆ ਜਾਵੇਗਾ। ਭਾਰਤੀ ਟੀਮ ਲਈ ਇਹ ਮੁਕਾਬਲਾ ਫਾਈਨਲ ਤੋਂ ਪਹਿਲਾਂ ਪ੍ਰੈਕਟਿਸ ਮੈਚ ਹੋਵੇਗਾ ਜਿਸ ਵਿਚ ਸੂਰਯਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਆਪਣੀ ਫੀਲਡਿੰਗ ਤੇ ਗੇਂਦਬਾਜ਼ੀ ਵਿਚ ਸੁਧਾਰ ਕਰਨਾ ਚਾਹੇਗੀ। ਦੂਜੇ ਪਾਸੇ ਪਾਕਿਸਤਾਨ ਤੇ ਬੰਗਲਾਦੇਸ਼ ਕ੍ਰਮਵਾਰ ਦੂਜੇ ਤੇ ਤੀਜੇ ਨੰਬਰ ‘ਤੇ ਹਨ। ਦੋਵੇਂ ਟੀਮਾਂ ਵਿਚ ਵੀਰਵਾਰ ਨੂੰ ਮੁਕਾਬਲਾ ਖੇਡਿਆ ਜਾਵੇਗਾ ਜੋ ਵੀ ਇਸ ਮੈਚ ਵਿਚ ਜਿੱਤੇਗਾ ਉਹ 28 ਸਤੰਬਰ ਨੂੰ ਭਾਰਤ ਨਾਲ ਫਾਈਨਲ ਖੇਡੇਗੀ।
ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 37 ਗੇੰਦਾਂ ਵਿਚ 75 ਦੌੜਾਂ ਦੀ ਪਾਰੀ ਖੇਡਕੇ ਬੰਗਲਾਦੇਸ਼ ਦੇ ਗੇਂਦਬਾਜ਼ਾਂ ਦੀ ਜੰਮ ਕੇ ਕਲਾਸ ਲਗਾਈ। ਹਾਲਾਂਕਿ ਉਹ ਆਪਣੀ ਇਸ ਪਾਰੀ ਨੂੰ ਸੈਂਕੜੇ ਵਿਚ ਨਹੀਂ ਬਦਲ ਸਕੇ। ਉਨ੍ਹਾਂ ਨੂੰ ਸ਼ਾਰਟ ਥਰਡ ਮੈਨ ‘ਤੇ ਖੜ੍ਹੇ ਰਿਸ਼ਾਦ ਹੁਸੈਨ ਨੇ ਰਨਆਊਟ ਕਰ ਦਿੱਤਾ।
ਭਾਰਤੀ ਟੀਮ ਨੇ ਜਿਥੇ ਪਹਿਲੇ 10 ਓਵਰਾਂ ਵਿਚ 96 ਦੌੜਾਂ ਬਣਾਈਆਂ ਤਾਂ ਅਗਲੇ 10 ਓਵਰਾਂ ਵਿਚ 72 ਦੌੜਾਂ ਹੀ ਬਣਾ ਸਕੇ ਜਿਸ ਵਿਚ ਅਕਸ਼ਰ ਪਟੇਲ ਨੂੰ ਸੈਮਸਨ ਤੋਂ ਉਪਰ ਭੇਜਿਆ ਗਿਆ। ਬੰਗਲਾਦੇਸ਼ ਲਈ ਤੇਜ ਗੇਂਦਬਾਜ਼ ਤੰਜੀਮ ਹਸਨ ਸਾਕਿਬ ਤੇ ਮੁਸਤਫਿਜੁਰ ਰਹਿਮਾਨ ਨੇ ਹਮੇਸ਼ਾ ਦੀ ਤਰ੍ਹਾਂ ਆਪਣੀ ਰਫਤਾਰ ਪਰਿਵਰਤਨ ਵਾਲੀਆਂ ਗੇਂਦਾਂ ਦਾ ਚੰਗਾ ਇਸਤੇਮਾਲ ਕੀਤਾ। ਪਰ ਲੈੱਗ ਸਪਿਨਰ ਰਿਸ਼ਾਦ ਹੁਸੈਨ ਨੂੰ ਗਿੱਲ ਤੇ ਸ਼ਿਵਮ ਦੁਬੇ ਦਾ ਵਿਕਟ ਲੈਣ ਦਾ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ।
ਭਾਰਤ ਨੇ ਜਦੋਂ ਬੱਲੇਬਾਜ਼ੀ ਸ਼ੁਰੂ ਕੀਤੀ ਤਾਂ ਪਾਵਰਪਲੇਅ ਦੇ ਪਹਿਲੇ ਤਿੰਨ ਓਵਰ ਇੰਨੇ ਖਾਸ ਨਹੀਂ ਰਹੇ ਪਰ ਚੌਥੇ ਓਵਰ ਵਿਚ ਗਿੱਲ ਤੇ ਅਭਿਸ਼ੇਕ ਨੇ ਸੱਜੇ ਹੱਥ ਦੇ ਸਪਿਨਰ ਨਾਸੁਮ ਅਹਿਮਦ ਦੀ ਗੇਂਦ ‘ਤੇ 1-1 ਛੱਕਾ ਲਗਾ ਕੇ 21 ਦੌੜਾਂ ਬਣਾਈਆਂ। ਰਿਸ਼ਾਦ ਨੇ ਗਿੱਲ ਨੂੰ ਆਊਟ ਕੀਤਾ। ਅਭਿਸ਼ੇਕ ਨੇ 25 ਗੇਂਦਾਂ ਵਿਚ ਟੂਰਨਾਮੈਂਟ ਵਿਚ ਆਪਣਾ ਲਗਾਤਾਰ ਦੂਜਾ ਅਰਧ ਸੈਂਕੜਾ ਪੂਰਾ ਕੀਤਾ ਤੇ 200 ਦਾ ਸ਼ਾਨਦਾਰ ਸਟ੍ਰਾਈਕ ਰੇਟ ਬਣਾਈ ਰੱਖਿਆ। ਸਪਿਨਰ ਕਿਲਾਫ ਭਾਰਤ ਦੀ ਦੁਬੇ ਨੂੰ ਭੇਜਣ ਦੀ ਰਣਨੀਤੀ ਕੰਮ ਨਹੀਂ ਆਈ ਤੇ ਰਿਸ਼ਾਦ ਨੇ ਲੈੱਗ ਬ੍ਰੇਕ ਨਾਲ ਦੂਜਾ ਵਿਕਟ ਹਾਸਲ ਕੀਤਾ ਜਿਸ ਨੂੰ ਮੁੰਬਈ ਦਾ ਇਹ ਬੱਲੇਬਾਜ਼ ਟਰਨ ਦੇ ਉਲਟ ਦਿਸ਼ਾ ਵਿਚ ਖੇਡਣਾ ਚਾਹੁੰਦਾ ਸੀ। ਕਪਤਾਨ ਸੂਰਯਕੁਮਾਰ ਮੁਸਤਫਿਜੁਰ ਦੀ ਗੇਂਦ ‘ਤੇ ਆਊਟ ਹੋਏ। ਆਪਣੇ ਦੂਜੇ ਸਪੈੱਲ ਲਈ ਤੰਜੀਮ ਹਸਨ ਨੇ ਤਿਲਕ ਦੀ ਡੀਪ ਮਿਡਵਿਕਟ ਬਾਊਂਡਰੀ ‘ਤੇ ਕੈਚ ਕਰਾਇਆ ਜਿਸ ਦੇ ਬਾਅਦ ਹਾਰਦਿਕ ਪਾਂਡੇਯ ਨੇ ਆਪਣੀ ਪਹਿਲੀ ਮਹੱਤਵਪੂਰਨ ਪਾਰੀ ਖੇਡ ਕੇ ਆਪਣੀ ਟੀਮ ਨੂੰ 170 ਦੇ ਕਰੀਬ ਪਹੁੰਚਾਇਆ।
ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਬੰਗਲਾਦੇਸ਼ ਦੀ ਪਾਰੀ ਲੜਖੜਾ ਗਈ। ਸਲਾਮੀ ਬੱਲੇਬਾਜ਼ ਸੈਫ ਹਸਨ ਨੇ ਜ਼ਰੂਰ ਦਮਦਾਰ ਖੇਡ ਦਿਖਾਇਆ ਪਰ 51 ਗੇਂਦਾਂ ‘ਤੇ 69 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਪਾਰੀ ਦੌਰਾਨ 6 ਛੱਕੇ ਲਗਾਏ ਤੇ ਕਈ ਵਾਰ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਕਿਉਂਕਿ 5 ਵਾਰ ਉਨ੍ਹਾਂ ਦੀ ਕੈਚ ਛੁੱਟੀ। ਭਾਰਤ ਵੱਲੋਂ ਕੁਲਦੀਪ ਯਾਦਵ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ ਆਪਣੀ ਫਿਰਕੀ ਦੇ ਜਾਦੂ ਨਾਲ 4 ਓਵਰਾਂ ਵਿਚ ਸਿਰਫ 18 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਵਰੁਣ ਚੱਕਰਵਰਤੀ ਨੇ ਵੀ 4 ਓਵਰਾਂ ਵਿਚ 29 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ ਅਕਸ਼ਰ ਪਟੇਲ ਮਹਿੰਗੇ ਸਾਬਤ ਹੋਏ ਤੇ ਉਨ੍ਹਾਂ ਨੇ 4 ਓਵਰਾਂ ਵਿਚ 37 ਦੌੜਾਂ ਦਿੱਤੀਆਂ ਜਿਸ ਵਿਚ 4 ਛੱਕੇ ਸ਼ਾਮਲ ਸਨ।
ਸੈਫ ਹਸਨ ਨੇ ਇਕੱਲੇ ਭਾਰਤੀ ਗੇਂਦਬਾਜ਼ਾਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਤੋਂ ਉਨ੍ਹਾਂ ਨੂੰ ਕੋਈ ਸਾਥ ਨਹੀਂ ਮਿਲਿਆ ਜਿਸ ਕਰਕੇ ਬੰਗਲਾਦੇਸ਼ ਦੀ ਟੀਮ ਵੱਡਾ ਸਕੋਰ ਖੜ੍ਹਾ ਕਰਨ ਵਿਚ ਅਸਫਲ ਰਹੀ। ਬੰਗਲਾਦੇਸ਼ ਲਈ ਤਜੀਦ ਹਸਨ ਨੇ 1, ਪਰਵੇਜ ਹੁਸੈਨ ਇਮੋਨ ਨੇ 21, ਤੌਹੀਦ ਨੇ 7, ਜਾਕਿਰ ਅਲੀ ਨੇ 4, ਮੁਹੰਮਦ ਸੈਫੂਦੀਨ ਨੇ 4, ਰਿਸ਼ਾਦ ਹੁਸੈਨ ਨੇ 2 ਤੇ ਮੁਸਤਫਿਜੁਰ ਨੇ 6 ਦੌੜਾਂ ਬਣਾਈਆਂ। ਦੂਜੇ ਪਾਸੇ ਨਸੁਮ ਅਹਿਮਦ 4 ਦੌੜਾਂ ਬਣਾ ਕੇ ਨਾਟਾਊਟ ਰਹੇ।
ਵੀਡੀਓ ਲਈ ਕਲਿੱਕ ਕਰੋ -:
























