ਨਿਊਜ਼ੀਲੈਂਡ ਨੇ ਭਾਰਤ ਵਿਚ ਇਤਿਹਾਸ ਰਚਦੇ ਹੋਏ ਪਹਿਲੀ ਵਾਰ ਵਨਡੇ ਸੀਰੀਜ ਆਪਣੇ ਨਾਂ ਕਰ ਲਈ। ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡੇ ਗਏ ਤੀਜੇ ਵਨਡੇ ਵਿਚ ਕੀਵੀ ਟੀਮ ਨੇ ਭਾਰਤ ਨੂੰ 41 ਦੌੜਾਂ ਤੋਂ ਹਰਾਇਆ। ਇਸ ਦੇ ਨਾਲ ਹੀ ਇਹ ਭਾਰਤ ਦੀ ਇਸ ਮੈਦਾਨ ‘ਤੇ ਪਹਿਲੀ ਵਨਡੇ ਹਾਰ ਵੀ ਰਹੀ।
ਐਤਵਾਰ ਨੂੰ ਰਿਕਾਰਡਸ ਦਾ ਦਿਨ ਵਿਰਾਟ ਕੋਹਲੀ ਦੇ ਨਾਂ ਰਿਹਾ। ਉਹ ਵਨਡੇ ਵਿਚ ਨੰਬਰ-3 ‘ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਤੇ ਨਿਊਜ਼ੀਲੈਂਡ ਖਿਲਾਫ ਸਭ ਤੋਂ ਵਧ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਪਰ ਉਨ੍ਹਾਂ ਦੀ ਪਾਰੀ ਟੀਮ ਨੂੰ ਜਿਤਾ ਨਹੀਂ ਸਕੀ। 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ 46 ਓਵਰਾਂ ਵਿਚ 296 ਦੌੜਾਂ ‘ਤੇ ਆਲਆਊਟ ਹੋ ਗਈ। ਇਸ ਤੋਂ ਪਹਿਲਾਂ ਟੌਸ ਹਾਰ ਕੇ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 8 ਵਿਕਟਾਂ ‘ਤੇ 337 ਦੌੜਾਂ ਬਣਾਈਆਂ ਸਨ। ਡੇਰਿਲ ਮਿਚੇਲ ਨੇ 137 ਤੇ ਗਲੇਨ ਫਿਲਿਪਸ ਨੇ 106 ਦੌੜਾਂ ਦੀ ਪਾਰੀ ਖੇਡੀ।
ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਕਪਤਾਨ ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ ਹੋਏ ਜਦੋਂ ਕਿ ਸ਼ੁਭਮਨ ਗਿੱਲ 23 ਦੌੜਾਂ ਹੀ ਬਣਾ ਸਕੇ। ਸ਼੍ਰੇਅਸ ਅਈਅਰ ਤੇ ਕੇਐੱਲ ਰਾਹੁਲ ਵੀ ਵੱਡੀ ਪਾਰੀ ਖੇਡਣ ਵਿਚ ਅਸਫਲ ਰਹੇ ਜਿਸ ਨਾਲ ਭਾਰਤ ਦਾ ਸਕੋਰ 71/4 ਹੋ ਗਿਆ। ਇਸ ਦੇ ਬਾਅਦ ਵਿਰਾਟ ਕੋਹਲੀ ਨੇ ਨਿਤੀਸ਼ ਕੁਮਾਰ ਰੈਡੀ ਨਾਲ ਸਾਂਝੀਦਾਰੀ ਕਰਕੇ ਮੈਚ ਵਿਚ ਵਾਪਸੀ ਕੀਤੀ। ਕੋਹਲੀ ਨੇ ਦੌੜਾਂ ਦੀ ਰਫਤਾਰ ਬਣਾਏ ਰੱਖੀ। ਉਨ੍ਹਾਂ ਨੇ ਸੈਂਕੜਾ ਪੂਰਾ ਕੀਤਾ ਤਾਂ ਸਟੇਡੀਅਮ ਤਾੜੀਆਂ ਨਾਲ ਗੂੰਜ ਉਠਿਆ।
338 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਟੀਮ 46 ਓਵਰਾਂ ਵਿਚ 296 ਦੌੜਾਂ ‘ਤੇ ਸਿਮਟ ਗਈ। ਵਿਰਾਟ ਕੋਹਲੀ ਨੇ ਦਬਾਅ ਵਿਚ ਪਾਰੀ ਸੰਭਾਲਦੇ ਹੋਏ 108 ਗੇਂਦਾਂ ‘ਤੇ 124 ਦੌੜਾਂ ਦੀ ਬੇਹਤਰੀਨ ਪਾਰੀ ਖੇਡੀ। ਜਦੋਂ ਇਕ ਦੇ ਬਾਅਦ ਇਕ ਵਿਕਟ ਡਿੱਗਦੇ ਰਹੇ ਉਦੋਂ ਵੀ ਕੋਹਲੀ ਕ੍ਰੀਜ਼ ‘ਤੇ ਡਟੇ ਰਹੇ ਪਰ ਉਨ੍ਹਾਂ ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਦੀ ਆਖਰੀ ਉਮੀਦ ਵੀ ਖਤਮ ਹੋ ਗਈ। 292 ਦੇ ਸਕੋਰ ‘ਤੇ ਕੋਹਲੀ ਦਾ ਵਿਕਟ ਡਿੱਗਦੇ ਹੀ ਭਾਰਤ ਦੀ ਹਾਰ ਤੈਅ ਹੋ ਗਈ।
ਇਸ ਤੋਂ ਪਹਿਲਾਂ ਡੇਰਿਲ ਮਿਚੇਲ ਨੇ ਲਗਾਤਾਰ ਦੂਜੇ ਸੈਂਕੜੇ ਤੇ ਗਲੇਨ ਫਿਲਿਪਸ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ 337 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਹਾਲਾਂਕਿ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਸ਼ੁਰੂਆਤ ਵਿਚ ਮਹਿਮਾਨ ਟੀਮ ਨੂੰ ਵੱਡੇ ਝਟਕੇ ਦਿੱਤੇ ਪਰ ਮਿਚੇਲ ਤੇ ਫਿਲਿਪਸ ਦੀ ਸ਼ਾਨਦਾਰ ਸਾਂਝੇਦਾਰੀ ਨੇ ਨਿਊਜ਼ੀਲੈਂਡ ਦੀ ਪਾਰੀ ਦੀ ਦਿਸ਼ਾ ਹੀ ਬਦਲ ਦਿੱਤੀ।
ਤੇਂਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਜਿਨ੍ਹਾਂ ਨੂੰ ਪ੍ਰਸਿੱਧ ਕ੍ਰਿਸ਼ਣਾ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ, ਉਨ੍ਹਾਂ ਨੇ ਪਹਿਲੇ ਹੀ ਓਵਰ ਵਿਚ ਹੇਨਰੀ ਨਿਕੋਲਸ ਨੂੰ ਆਊਟ ਕਰਕੇ ਵਧੀਆ ਸ਼ੁਰੂਆਤ ਦਿਵਾਈ। ਅਰਸ਼ਦੀਪ ਦੇ ਨਾਲ ਹਰਸ਼ਿਤ ਰਾਣਾ ਨੇ ਵੀ ਚੰਗੀ ਗੇਂਦਬਾਜ਼ੀ ਕਰਦੇ ਹੋਏ ਸ਼ੁਰੂਆਤੀ ਓਵਰਾਂ ਵਿਚ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਬੰਨ੍ਹੀ ਰੱਖਿਆ। ਮਹਿਮਾਨ ਟੀਮ ਨੇ ਪਹਿਲੇ 10 ਓਵਰਾਂ ਵਿਚ ਸਿਰਫ 47 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਕਰਨਲ ਕੁੱਟਮਾਰ ਮਾਮਲੇ ‘ਚ CBI ਕੋਰਟ ਵੱਲੋਂ ਵੱਡਾ ਐਕਸ਼ਨ, 5 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਤਲਬ
ਇਸ ਦੇ ਬਾਅਦ ਮਿਚੇਲ ਨੇ ਕੁਲਦੀਪ ਯਾਦਵ ਦੀ ਗੇਂਦ ‘ਤੇ ਛੱਕਾ ਲਗਾ ਕੇ ਨਿਊਜ਼ੀਲੈਂਡ ਦੀ ਵਾਪਸੀ ਦਾ ਸੰਕੇਤ ਦਿੱਤਾ। ਮਿਚੇਲ ਨੇ ਜਡੇਜਾ ਦੀ ਗੇਂਦ ‘ਤੇ ਸਿੰਗਲ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ ਜੋ ਇਸ ਸੀਰੀਜ ਵਿਚ ਉਨ੍ਹਾਂ ਦਾ ਲਗਾਤਾਰ ਦੂਜਾ ਸੈਂਕੜਾ ਸੀ। 40ਵੇਂ ਓਵਰ ਵਿਚ ਫਿਲੀਪਸ ਨੇ ਜਡੇਜਾ ਦੀ ਗੇਂਦ ‘ਤੇ ਛੱਕਾ ਲਗਾਇਆ । ਆਖਰੀ ਓਵਰਾਂ ਵਿਚ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ। ਸਿਰਾਜ ਨੇ ਮਿਚੇਲ ਨੂੰ 137 ਦੌੜਾਂ ‘ਤੇ ਆਊਟ ਕੀਤਾ ਜਦੋਂ ਕਿ ਅਰਸ਼ਦੀਪ ਨੇ ਫਿਲਿਪਸ ਤੇ ਜੈਕ ਫਾਲਕਸ ਨੂੰ ਪਵੇਲੀਅਨ ਭੇਜਿਆ। ਹਾਲਾਂਕਿ ਮਾਈਕਲ ਬ੍ਰੇਸਵੇਲ ਨੇ ਨਾਟਆਊਟ 28 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਟੀਮ ਨੂੰ 330 ਦੌੜਾਂ ਦੇ ਪਾਰ ਪਹੁੰਚਾਇਆ ਤੇ ਨਿਊਜ਼ੀਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ ‘ਤੇ 337 ਦੌੜਾਂ ਬਣਾਈਆਂ।
ਵੀਡੀਓ ਲਈ ਕਲਿੱਕ ਕਰੋ -:
























