6 cases of corona virus : ਗੁਰੂਹਰਸਹਾਏ ’ਚ ਕੋਰੋਨਾ ਵਾਇਰਸ ਦੇ 6 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਪਿਛਲੇ ਦਿਨੀਂ ਰਾਜਸਥਾਨ ਜੈਸਲਮੇਰ ਅਤੇ ਹੋਰਨਾਂ ਸੂਬਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸ਼ਹਿਰ ਗੁਰੂਹਰਸਹਾਏ ਦੇ ਲਖਮੀਰਪੁਰਾ ਰੋਡ ’ਤੇ ਸਥਿਤ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਵਿਚ ਰਖਿਆ ਗਿਆ ਸੀ। ਉਨ੍ਹਾਂ ਦੇ ਪਿਛਲੇ ਦਿਨੀਂ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਅੱਜ ਆਈ ਹੈ। ਇਨ੍ਹਾਂ 6 ਲੋਕਾਂ ਦੇ ਪਾਜ਼ੀਟਿਵ ਆਉਣ ਨਾਲ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਸਖਤੀ ਵਦਾ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਰਾਧਾ ਸੁਆਮੀ ਸਤਿਸੰਗ ਘਰ ਪਹੁੰਚੇ ਤਹਿਸੀਲਦਾਰ ਨੀਲਮ, ਫਿਰੋਜ਼ਪੁਰ ਦੇ ਐਸ. ਡੀ. ਐਮ ਅਮਿਤ ਗੁਪਤਾ ਅਤੇ ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਸਥਾਨ ਦੇ ਜੈਸਲਮੇਰ ਸ਼ਹਿਰ ਤੋਂ ਪਿਛਲੇ ਦਿਨੀਂ ਆਏ ਪ੍ਰਵਾਸੀ ਮਜ਼ਦੂਰਾਂ ਵਿਚੋਂ 30 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 6 ਦੀਆਂ ਰਿਪੋਰਟਾਂ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਲੋਕਾਂ ਨੂੰ ਇਲਾਜ ਲਈ ਫਿਰੋਜ਼ਪੁਰ ਸ਼ਹਿਰ ਭੇਜ ਦਿੱਤਾ ਗਿਆ ਹੈ। ਇਨ੍ਹਾਂ ਦੇ ਨਾਂ ਕੁਲਵਿੰਦਰ ਕੌਰ, ਜੀਤਾ ਸਿੰਘ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਤੇ ਸੁਖਪਾਲ ਸਿੰਘ ਹਨ। ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸ਼ਹਿਰ ਅੰਦਰ ਘੁੰਮਦਾ ਨਜ਼ਰ ਆਉਂਦਾ ਹੈ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਕੁਲ ਅੰਕੜਾ 612 ਤੱਕ ਪਹੁੰਚ ਗਿਆ ਹੈ। ਇਨ੍ਹਾਂ ਵਿਚੋਂ ਨਵੇਂ ਆ ਰਹੇ ਵਧੇਰੇ ਮਾਮਲੇ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨਾਲ ਸਬੰਧਤ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ ਜਲੰਧਰ ਤੋਂ 105, ਮੋਹਾਲੀ ਤੋਂ 92, ਪਟਿਾਲਾ ਤੋਂ 64, ਅੰਮ੍ਰਿਤਸਰ ਤੋਂ 111, ਲੁਧਿਆਣਾ ਤੋਂ 77, ਪਠਾਨਕੋਟ ਤੋਂ 25, ਨਵਾਂਸ਼ਹਿਰ ਤੋਂ 23, ਤਰਨਤਾਰਨ ਤੋਂ 15, ਮਾਨਸਾ ਤੋਂ 13, ਕਪੂਰਥਲਾ ਤੋਂ 12, ਹੁਸ਼ਿਆਰਪੁਰ ਤੋਂ 11, ਫਰੀਦਕੋਟ ਤੋਂ 6, ਸੰਗਰੂਰ ਤੋਂ 7, ਮੁਕਤਸਰ ਤੋਂ ਅਤੇ ਗੁਰਦਾਸਪੁਰ ਤੋਂ 4-4, ਮੋਗਾ ਤੇ ਰੋਪੜ ਤੋਂ 5-5, ਬਰਨਾਲਾ ਤੇ ਬਠਿੰਡਾ ਤੋਂ 2-, ਫਤਿਹਗੜ੍ਹ ਸਾਹਿਬ ਤੋਂ 3, ਜਲਾਲਾਬਾਦ ਤੋਂ 4, ਫਿਰੋਜ਼ਪੁਰ ਤੋਂ 16 ਅਤੇ ਗੁਰੂਹਰਸਹਾਏ ਤੋਂ 6 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਇਸ ਵਾਇਰਸ ਨਾਲ ਮੌਤਾਂ ਦੀ ਗਿਣਤੀ 20 ਹੋ ਚੁੱਕੀ ਹੈ।