Corona positive patients in Ludhiana : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਲੁਧਿਆਣਾ ਵਿਖੇ ਕੋਰੋਨਾ ਵਾਇਰਸ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇਹ ਮਰੀਜ਼ ਬਠਿੰਡਾ ਵਿਚ ਫੜੇ ਗਏ ਟਰੱਕ ਵਿਚ ਆਏ ਸਵਾਰਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਹ ਦੋਵੇਂ ਮਰੀਜ਼ ਇਸ ਸਮੇਂ ਲੁਧਿਆਣਾ ਵਿਚ ਹਨ, ਇਸ ਲਈ ਇਨ੍ਹਾਂ ਦੀ ਗਿਣਤੀ ਲੁਧਿਆਣਾ ਦੇ ਕੇਸਾਂ ਵਿਚ ਹੀ ਸ਼ਾਮਲ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ 26 ਅਪ੍ਰੈਲ ਨੂੰ ਗੋਨਿਆਣਾ ਮੰਡੀ ਤੋਂ ਇਕ ਟਰੱਕ ਫੜਿਆ ਗਿਆ ਸੀ, ਜੋਕਿ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਆਇਆ ਸੀ। ਟਰੱਕ ਵਿਚ 70 ਵਿਅਕਤੀ ਸਵਾਰ ਸਨ, ਜੋਕਿ ਖੇਤੀ ਦੇ ਕੰਮਾਂ ਕਰਕੇ ਉਥੇ ਗਏ ਹੋਏ ਸਨ। ਟਰੱਕ ਡਰਾਈਵਰ ਨੇ ਇਨ੍ਹਾਂ ਕੋਲੋਂ 2500 ਰੁਪਏ ਪ੍ਰਤੀ ਵਿਅਕਤੀ ਕਿਰਾਇਆ ਲਿਆ ਸੀ। ਬਠਿੰਡਾ ਪੁਲਿਸ ਨੇ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰਕੇ ਉਸ ਨੂੰ ਟਰੱਕ ਸਮੇਤ ਹਿਰਾਸਤ ਵਿਚ ਲੈ ਲਿਆ ਸੀ। ਇਸ ਤੋਂ ਬਾਅਦ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼੍ਰੀਨਿਵਾਸਨ ਨੇ ਫੈਸਲਾ ਲਿਆ ਸੀ ਕਿ ਖਾਣਾ ਆਦਿ ਖੁਆਉਣ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਬੱਸਾਂ ਰਾਹੀਂ ਇਨ੍ਹਾਂ ਦੇ ਸਬੰਧਤ ਜ਼ਿਲਿਆਂ ਤੱਕ ਛੱਡਿਆ ਜਾਵੇ।
ਅੱਜ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਟਰੱਕ ਵਿਚ ਸਵਾਰ ਵਿਅਕਤੀਆਂ ਵਿਚ ਸ਼ਾਮਲ ਦੋ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਪੁਲਿਸ ਮੁਲਾਜ਼ਮਾਂ, ਸਮਾਜ ਸੇਵੀਆਂ, ਮੀਡੀਆ ਕਰਮਚਾਰੀਆਂ ਅਤੇ ਹੋਰਨਾਂ ਨੂੰ ਜੋ ਵੀ ਇਨ੍ਹਾਂ ਵਿਅਕਤੀਆਂ ਦੇ ਸੰਪਰਕ ਵਿਚ ਆਏ ਸਨ ਨੂੰ 14 ਦਿਨਾਂ ਲਈ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਇਸ ਸਮੇਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਜ਼ਿਲੇ ਵਿਚ 104 ਦੇ ਲਗਭਗ ਹੋ ਗਈ ਹੈ।