ssp mansa narinder bhargv: ਇਸ ਸਮੇਂ ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ ਅਤੇ ਹਰ ਰਾਜ ਦੀ ਪੁਲਿਸ ਫਰੰਟ ਲਾਈਨ ‘ਤੇ ਕੋਰੋਨਾ ਖਿਲਾਫ ਜੰਗ ਲੜ ਰਹੀ ਹੈ। ਉੱਥੇ ਹੀ ਸਾਡੇ ਦੇਸ਼ ਦੀ ਫ਼ੌਜ ਦੇ ਯੋਧੇ ਰਾਸ਼ਟਰੀ ਪੱਧਰ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪੂਰੀ ਤਾਕਤ ਨਾਲ ਲੜਾਈ ਲੜ ਰਹੇ ਹਨ। ਪੂਰਾ ਦੇਸ਼ ਇਹਨਾਂ ਯੋਧਿਆਂ ਨੂੰ ਸਲਾਮ ਕਰਦਾ ਹੈ ਜੋ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਦੇਸ਼ ਦੀ ਰਾਖੀ ਕਰਦੇ ਹਨ। ਬੀਤੇ ਦਿਨ ਮਾਨਸਾ ਜਿਲ੍ਹੇ ਦੇ ਪਿੰਡ ਰਾਜਰਾਣਾ ਦਾ ਇੱਕ ਨੌਜਵਾਨ ਜੰਮੂ ਕਸ਼ਮੀਰ ਦੇ ਹੰਦਵਾੜਾ ਵਿੱਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ ਸੀ। ਪੰਜਾਬ ਦਾ ਇਹ ਵੀਰ ਨਾਇਕ ਰਾਜੇਸ਼ ਕੁਮਾਰ ਸੀ, ਜੋ 21 ਰਾਸ਼ਟਰੀ ਰਾਈਫਲਜ਼ ਵਿੱਚ ਸੇਵਾਵਾਂ ਨਿਭਾ ਰਿਹਾ ਸੀ। ਰਾਜੇਸ਼ ਕੁਮਾਰ ਤੋਂ ਇਲਾਵਾ ਫੌਜ ਦੇ 4 ਹੋਰ ਜਵਾਨ ਅਤੇ ਇੱਕ ਜੰਮੂ ਕਸ਼ਮੀਰ ਪੁਲੀਸ ਦਾ ਜਵਾਨ ਵੀ ਸ਼ਹੀਦ ਹੋ ਗਿਆ ਸੀ।
ਸੀਨੀਅਰ ਕਪਤਾਨ ਪੁਲੀਸ, ਮਾਨਸਾ ਡਾ.ਨਰਿੰਦਰ ਭਾਰਗਵ ਨੇ ਅੱਜ ਪਿੰਡ ਰਾਜਰਾਣਾ ਵਿਖੇ ਪੁਹੰਚ ਕੇ ਸ਼ਹੀਦ ਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। 29 ਸਾਲਾਂ ਸ਼ਹੀਦ ਨਾਇਕ ਰਾਜੇਸ਼ ਕੁਮਾਰ ਸਾਲ 2010 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਸ਼ਹੀਦ ਦੇ ਪਰਿਵਾਰ ਵਿੱਚ ਉਸ ਦੇ ਪਿਤਾ ਸ਼੍ਰੀ ਰਾਮ ਸਿੰਘ, ਮਾਤਾ ਸ਼੍ਰੀਮਤੀ ਵਿਦਾਸੀ ਦੇਵੀ, ਭਰਾ ਸ਼੍ਰੀ ਸੁਭਾਸ਼ ਕੁਮਾਰ, ਸ਼੍ਰੀ ਦੇਵੀ ਲਾਲ ਅਤੇ ਦੋ ਭੈਣਾਂ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ਹੀਦ ਦਾ ਪਰਿਵਾਰ ਕਾਫੀ ਗਰੀਬੀ ਦੀ ਹਾਲਤ ਵਿੱਚ ਥੋੜ੍ਹੀ ਜਿਹੀ ਜ਼ਮੀਨ ਠੇਕੇ ਤੇ ਲੈ ਕੇ ਗੁਜ਼ਾਰਾ ਕਰ ਰਿਹਾ ਹੈ ਅਤੇ ਸ਼ਹੀਦ ਨਾਇਕ ਰਾਜੇਸ਼ ਕੁਮਾਰ ਹੀ ਇੰਨ੍ਹਾਂ ਦੇ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ ਜਿਸ ਨੇ ਇਸੇ ਕਾਰਣ ਅਜੇ ਤੱਕ ਵਿਆਹ ਵੀ ਨਹੀਂ ਕਰਵਾਇਆ ਸੀ।
ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਸ਼ਹਾਦਤ ਅਤਿਅੰਤ ਕੀਮਤੀ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਨੂੰ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਨੇ ਕਿਹਾ ਇਸ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਯੋਧਿਆਂ ਤੇ ਹਮੇਸ਼ਾ ਮਾਣ ਹੈ ਜੋ ਸਮਾਜ ਅਤੇ ਦੇਸ਼ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਡਿਊਟੀ ਨਿਭਾਉਂਦੇ ਹਨ ਅਤੇ ਦੇਸ਼ ਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਤੋਂ ਇਲਾਵਾਂ ਐਸ.ਐਸ.ਪੀ ਨੇ ਕਿਹਾ ਸਾਨੂੰ ਸ਼ਹੀਦ ਦੀ ਇਸ ਕੁਰਬਾਨੀ ਤੇ ਮਾਣ ਹੈ, ਅਤੇ ਜਿਲ੍ਹਾ ਪੁਲੀਸ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਹਰ ਦੁੱਖ ਤਕਲੀਫ ਦੂਰ ਕਰਨ ਲਈ ਹਮੇਸ਼ਾ ਵਚਨਬੱਧ ਰਹੇਗੀ।