US coronavirus deaths rise: ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਂਮਾਰੀ ਅਮਰੀਕਾ ਵਿੱਚ ਤਬਾਹੀ ਮਚਾ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ ਕੋਰੋਨਾ ਕਾਰਨ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਕੁੱਲ 1015 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਹ ਅੰਕੜਾ ਪਿਛਲੇ ਇੱਕ ਮਹੀਨੇ ਵਿੱਚ ਸਭ ਤੋਂ ਘੱਟ ਹੈ, ਯਾਨੀ ਕਿ ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਰਫਤਾਰ ਘਟੀ ਹੈ। ਹਾਲਾਂਕਿ, ਜੇ ਅਸੀਂ ਕੁੱਲ ਮੌਤਾਂ ਦੀ ਗੱਲ ਕਰੀਏ ਤਾਂ ਅਮਰੀਕਾ ਵਿੱਚ ਹੁਣ ਤੱਕ 68,689 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੁੱਲ 1.1 ਮਿਲੀਅਨ ਲੋਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਬਿਮਾਰ ਹੋ ਗਏ ਹਨ, ਜੋ ਕਿ ਕਿਸੇ ਵੀ ਦੇਸ਼ ਦਾ ਸਭ ਤੋਂ ਵੱਧ ਅੰਕੜਾ ਹੈ।
ਵਰਲਡਮੀਟਰ ਅਨੁਸਾਰ ਐਤਵਾਰ ਸਵੇਰ ਤੱਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 12 ਲੱਖ 12 ਹਜ਼ਾਰ 835 ਹੋ ਗਈ ਸੀ । ਉੱਥੇ ਹੀ 69,921 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 1 ਲੱਖ 88 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ । ਅਮਰੀਕਾ ਦੀ ਨਿਊ ਯਾਰਕ ਸਿਟੀ ਵਿੱਚ ਸਭ ਤੋਂ ਵੱਧ 327,374 ਕੇਸ ਸਾਹਮਣੇ ਆਏ ਹਨ । ਜਿਨ੍ਹਾਂ ਵਿੱਚੋਂ 24,944 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਨਿਊ ਜਰਸੀ ਵਿੱਚ 129,345 ਮਰੀਜ਼ਾਂ ਵਿਚੋਂ, 7,951 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਮੈਸੇਚਿਉਸੇਟਸ, ਇਲੀਨੋਇਸ ਵੀ ਸਭ ਤੋਂ ਪ੍ਰਭਾਵਿਤ ਹੋਏ ਹਨ।
ਗੌਰਤਲਬ ਹੈ ਕਿ ਸੋਮਵਾਰ ਤੋਂ ਹੀ ਅਮਰੀਕਾ ਦੇ ਕੁਝ ਰਾਜਾਂ ਨੇ ਲਾਕਡਾਊਨ ਵਿੱਚ ਢਿੱਲ ਦੇਣਾ ਸ਼ੁਰੂ ਕਰ ਦਿੱਤਾ ਸੀ। ਟੈਕਸਾਸ ਵਰਗੇ ਰਾਜਾਂ ਨੇ ਬਾਰ, ਰੈਸਟੋਰੈਂਟ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ, ਨਿਊ ਯਾਰਕ ਵਰਗੇ ਬਹੁਤ ਸਾਰੇ ਰਾਜ ਅਜਿਹੇ ਹਨ ਜਿੱਥੇ ਘਰ ਰਹਿਣ ਦਾ ਆਦੇਸ਼ ਲਾਗੂ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬਾਹਰ ਨਾ ਆਉਣ।
ਦੱਸ ਦੇਈਏ ਕਿ ਅਮਰੀਕਾ ਵਿੱਚ ਹੁਣ ਤੱਕ 72 ਲੱਖ ਤੋਂ ਵੱਧ ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਹੋ ਚੁੱਕਿਆ ਹੈ, ਜੋ ਕਿ ਕਿਸੇ ਵੀ ਦੇਸ਼ ਵਿਚੋਂ ਸਭ ਤੋਂ ਵੱਧ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਅਮਰੀਕਾ ਨੂੰ ਜ਼ਿਆਦਾ ਦੇਰ ਤੱਕ ਬੰਦ ਨਹੀਂ ਰੱਖਿਆ ਜਾ ਸਕਦਾ। ਅਜਿਹੀ ਸਥਿਤੀ ਵਿੱਚ ਹੌਲੀ-ਹੌਲੀ ਆਰਥਿਕਤਾ ਨੂੰ ਖੋਲ੍ਹਣ ਵੱਲ ਕਦਮ ਵਧਾਉਣੇ ਪੈਣਗੇ। ਡੋਨਾਲਡ ਟਰੰਪ ਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਅਮਰੀਕਾ ਟੀਕਾ ਤਿਆਰ ਕਰ ਲਵੇਗਾ, ਜਿਸ ਨਾਲ ਕੋਰੋਨਾ ਵਾਇਰਸ ਨੂੰ ਹਰਾਉਣ ਵਿੱਚ ਮਦਦ ਮਿਲੇਗੀ । ਉੱਥੇ ਹੀ ਦੂਜੇ ਪਾਸੇ ਅਮਰੀਕੀ ਪ੍ਰਸ਼ਾਸਨ ਦਾ ਲਗਾਤਾਰ ਚੀਨ ‘ਤੇ ਹਮਲਾ ਕਰਨਾ ਜਾਰੀ ਹੈ । ਹਾਲ ਹੀ ਵਿੱਚ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਸੀ ਕਿ ਅਮਰੀਕਾ ਦੇ ਕੋਲ ਸਬੂਤ ਹਨ ਕਿ ਕੋਰੋਨਾ ਵਾਇਰਸ ਵੁਹਾਨ ਦੀ ਲੈਬ ਵਿੱਚ ਬਣਿਆ ਹੈ ।