Powercom offices in the state : ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿਚ ਲੌਕਡਾਊਨ/ਕਰਫਿਊ ਚੱਲ ਰਿਹਾ ਹੈ। ਇਸ ਦੌਰਾਨ ਪੰਜਾਬ ਪਾਵਰਕਾਮ ਲਿਮਟਿਡ ਵੱਲੋਂ ਸੂਬੇ ਭਰ ਵਿਚ ਵੀਰਵਾਰ ਤੋਂ ਆਪਣੇ ਦਫਤਰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਪਾਵਰਕਾਮ ਵੱਲੋਂ ਆਰਥਿਕ ਤੰਗੀ ਦੇ ਮੱਦੇਨਜ਼ਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਾਵਰਕਾਮ ਦਫਤਰਾਂ ਦੇ ਬੰਦ ਹੋਣ ਕਾਰਨ ਇਸ ਨੂੰ ਆਰਥਿਕ ਸੰਕਟ ਦੇ ਚੱਲਦਿਆਂ ਆਪਣੇ ਮੁਲਾਜ਼ਮਾਂ ਅਤੇ ਤਨਖਾਹਾਂ ਸਣੇ ਜ਼ਰੂਰੀ ਖਰਚੇ ਭੁਗਤਾਉਣ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਧਿਆਨ ਵਿਚ ਰਖਦੇ ਹੋਏ ਹੁਣ ਵੀਰਵਾਰ ਤੋਂ ਪੂਰੇ ਪੰਜਾਬ ਵਿਚ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਭਰਨ ਸਣੇ ਖਪਤਕਾਰਾਂ ਵੱਲ ਰਹਿੰਦੇ ਬਕਾਏ ਨੂੰ ਵਸੂਲਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਮੰਡਲ ਅਫਸਰ ਇੰਜੀਨੀਅਰ ਕਮਲਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਸਮਰਾਲਾ ਵਿਖੇ ਵੀ ਪਾਵਰਕਾਮ ਦੇ ਦਫਤਰ ਨੂੰ ਵੀਰਵਾਰ ਤੋਂ ਖੋਲ੍ਹਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦਫਤਰ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਖਪਤਕਾਰਾਂ ਵਿਚ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ। ਫਿਲਹਾਲ ਰੈੱਡ ਜ਼ੋਨ ਵਿਚ ਪੈਂਦੇ ਦਫਤਰਾਂ ਨੂੰ ਇਕ-ਤਿਹਾਈ ਸਟਾਫ ਨਾਲ ਹੀ ਚਲਾਇਆ ਜਾ ਰਿਹਾ ਹੈ। ਬਾਕੀ ਖੇਤਰਾਂ ਵਿਚ ਵੀ ਸੀਮਤ ਸਟਾਫ ਨਾਲ ਹੀ ਦਫਤਰਾਂ ਨੂੰ ਚਲਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਥੇ ਦੱਸ ਦੇਈਏ ਕਿ ਸੂਬੇ ਵਿਚ ਕਈ ਸਰਕਾਰੀ ਅਦਾਰੇ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਸੂਬਾ ਸਰਕਾਰ ਨੇ ਦਫਤਰਾਂ ਵਿਚ ਤੈਅ ਪ੍ਰੋਟੋਕਾਲ ਅਧਾਰਤ ਦਫਤਰਾਂ ਵਿਚ ਕੰਮਕਾਜ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਹਨ ਤਾਂਕਿ ਕੋਰੋਨਾ ਵਾਇਰਸ ਨੂੰ ਦਫਤਰਾਂ ਵਿਚ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਕਰਮਚਾਰੀਆਂ ਦਾ ਇਸ ਤੋਂ ਬਚਾਅ ਹੋ ਸਕੇ, ਜਿਸ ਅਧੀਨ ਮਾਸਕ ਪਹਿਨਣਾ, ਇਕ ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਣਾ ਅਤੇ ਸਾਫ-ਸਫਾਈ ਸਬੰਧੀ ਆਦਿ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।