Corona blast in Tarntaran : ਕੋਰੋਨਾ ਵਾਇਰਸ ਨੇ ਪੂਰੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਪੰਜਾਬ ਵਿਚ ਵੀ ਇਸ ਦੇ ਮਾਮਲਿਆਂ ’ਚ ਦਿਨੋ- ਦਿਨ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਮਾਮਲੇ ਵਿਚ ਤਰਨਤਾਰਨ ਵਿਚ ਅੱਜ ਕੋਰੋਨਾ ਦਾ ਇਕ ਧਮਾਕਾ ਜਿਹਾ ਹੀ ਹੋਇਆ ਹੈ। ਇਥੇ ਕੋਰੋਨਾ ਦੇ 57 ਮਾਮਲੇ ਇਕੱਠੇ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਪ੍ਰਦੀਪ ਸੱਭਰਵਾਲ ਨੇ ਦੱਸਿਆ ਕਿ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਵਾਸਤੇ ਭੇਜੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਅੱਜ ਆਈ ਹੈ। ਇਨ੍ਹਾਂ ਵਿਚੋਂ 57 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਦਕਿ ਬਾਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 87 ਕੋਰੋਨਾ ਪੀੜਤ ਵਿਅਕਤੀ ਸਨ, ਪਰ ਅੱਜ ਦੇ 57 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਪੀੜਤਾਂ ਦੀ ਗਿਣਤੀ ਇਕਦਮ ਹੀ ਵਧ ਕੇ 144 ਹੋ ਗਈ ਹੈ। ਦੱਸਣਯੋਗ ਹੈ ਕਿ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਕਰੋਨਾ ਟੈਸਟ ਹੋਣ ਤੋਂ ਬਾਅਦ ਸੂਬੇ ’ਚ ਲਗਾਤਾਰ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਇਨ੍ਹਾਂ ਸ਼ਰਧਾਲੂਆਂ ਨੂੰ ਜ਼ਿਲੇ ਅੰਦਰ ਹੀ ਇਕਾਂਤਵਾਸ ਕੀਤਾ ਗਿਆ ਸੀ। ਹੁਣ ਕੋਰੋਨਾ ਪਾਜ਼ੀਟਿਵ ਰਿਪੋਰਟਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਨੂੰ ਇਕਾਂਤਵਾਸ ਸੈਂਟਰ ਤੋਂ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ।
ਇਥੇ ਦੱਸ ਦੇਈਏ ਕਿ ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1593 ਤੱਕ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ ਪੰਜਾਬ ਵਿਚ ਹੁਣ ਤੱਕ ਅੰਮ੍ਰਿਤਸਰ ’ਚ 230, ਲੁਧਿਆਣਾ ’ਚ 155, ਜਲੰਧਰ ’ਚ 137, ਮੋਹਾਲੀ ’ਚ 96, ਪਟਿਆਲਾ ’ਚ 87, ਹੁਸ਼ਿਆਰਪੁਰ ’ਚ 88, ਤਰਨਤਾਰਨ ’ਚ 144, ਪਠਾਨਕੋਟ ’ਚ 27, ਮਾਨਸਾ ’ਚ 19, ਕਪੂਰਥਲਾ ’ਚ 19, ਫਰੀਦਕੋਟ ’ਚ 44, ਸੰਗਰੂਰ ’ਚ 95, ਨਵਾਂਸ਼ਹਿਰ ’ਚ 86, ਰੂਪਨਗਰ ’ਚ 17, ਫਿਰੋਜ਼ਪੁਰ ’ਚ 40, ਬਠਿੰਡਾ ’ਚ 36, ਗੁਰਦਾਸਪੁਰ ’ਚ 79, ਫਤਿਹਗੜ੍ਹ ਸਾਹਿਬ ’ਚ 16, ਬਰਨਾਲਾ ’ਚ 19, ਫਾਜ਼ਿਲਕਾ ’ਚ 39, ਮੋਗਾ ’ਚ 54, ਮੁਕਤਸਰ ਸਾਹਿਬ ’ਚ 66 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਹੁਣ ਤੱਕ ਸੂਬੇ ਵਿਚ ਇਸ ਤੋਂ ਪੀੜਤ 26 ਲੋਕਾਂ ਦੀ ਮੌਤ ਹੋ ਚੁੱਕੀ ਹੈ।