US virus death toll: ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ । ਅਮਰੀਕਾ ਵਿੱਚ ਬੀਤੇ 24 ਘੰਟਿਆਂ ਵਿੱਚ ਇਸ ਵਾਇਰਸ ਕਾਰਨ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ । ਜੌਨ ਹੌਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਬੀਤੇ 24 ਘੰਟਿਆਂ ਦੌਰਾਨ 2,073 ਲੋਕਾਂ ਦੀ ਮੌਤ ਹੋ ਗਈ, ਜਿਸਦੇ ਨਾਲ ਹੀ ਇੱਥੇ ਮ੍ਰਿਤਕਾਂ ਦੀ ਗਿਣਤੀ 73,431 ਹੋ ਗਈ ਹੈ ।
ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਲਗਾਤਾਰ 2000 ਤੋਂ ਵੱਧ ਮੌਤਾਂ ਹੋ ਰਹੀਆਂ ਹਨ । ਪਿਛਲੇ ਦਿਨਾਂ ਵਿੱਚ ਇੱਕ ਜਾਂ ਦੋ ਵਾਰ ਇਹ ਅੰਕੜਾ 2000 ਤੋਂ ਹੇਠਾਂ ਆਇਆ ਸੀ, ਜਿਸ ਤੋਂ ਅਜਿਹਾ ਲੱਗ ਰਿਹਾ ਸੀ ਕਿ ਕੋਰੋਨਾ ਦਾ ਪ੍ਰਕੋਪ ਰੁਕਦਾ ਜਾਪਦਾ ਹੈ । ਪਰ ਇੱਕ ਵਾਰ ਫਿਰ ਇਹ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ।
ਜੇਕਰ ਕੁੱਲ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਵਿੱਚ 1.2 ਮਿਲੀਅਨ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ, ਜਦੋਂ ਕਿ 73207 ਦੀ ਮੌਤ ਹੋ ਗਈ ਹੈ । ਇਸ ਮਹਾਂਮਾਰੀ ਨੂੰ ਹਰਾ ਕੇ ਹੁਣ ਤੱਕ ਅਮਰੀਕਾ ਵਿੱਚ ਤਕਰੀਬਨ 1 ਲੱਖ 90 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ । ਅਮਰੀਕਾ ਵਿੱਚ ਹੁਣ ਤੱਕ ਲਗਭਗ 77 ਲੱਖ ਲੋਕਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਕਰਵਾਏ ਗਏ ਹਨ ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਰੀਕਾ ਦੀ ਇੱਕ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਦਾ ਅਸਲੀ ਕਹਿਰ ਜੂਨ ਵਿੱਚ ਦੇਖਣ ਨੂੰ ਮਿਲ ਸਕਦਾ ਹੈ । ਜੂਨ ਵਿੱਚ ਅਮਰੀਕਾ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਆ ਸਕਦੇ ਹਨ, ਜਦਕਿ 3000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਸਕਦੀ ਹੈ ।