ex cm chandrababu says: ਵਿਸ਼ਾਖਾਪਟਨਮ ਗੈਸ ਲੀਕ ਹੋਣ ਦੀ ਘਟਨਾ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਐਲਜੀ ਪੋਲੀਮਰਜ਼ ਯੂਨਿਟ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਨਾਇਡੂ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਪੂਰੇ ਹਾਦਸੇ ਦੀ ਜਾਂਚ ਦੀ ਮੰਗ ਕੀਤੀ ਸੀ ਅਤੇ ਜਾਂਚ ਤੋਂ ਬਾਅਦ ਇਸ ਸਮੁੱਚੀ ਇਕਾਈ ਨੂੰ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਤਬਦੀਲ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਵਿਸ਼ਾਖਾਪਟਨਮ ਵਿੱਚ ਐਲਜੀ ਪੋਲੀਮਰ ਕੰਪਨੀ ਦੇ ਪਲਾਂਟ ਵਿੱਚ ਇੱਕ ਗੈਸ ਲੀਕ ਹੋਈ ਸੀ, ਉਹ ਫੈਕਟਰੀ ਤਾਲਾਬੰਦੀ ਦੌਰਾਨ ਬਾਕੀ ਫੈਕਟਰੀਆਂ ਦੀ ਤਰਾਂ ਬੰਦ ਹੋ ਗਈ ਸੀ। ਲਾੱਕਡਾਉਨ -3 ਵਿੱਚ ਰਿਆਇਤਾਂ ਤੋਂ ਤਿੰਨ ਦਿਨ ਪਹਿਲਾਂ ਹੀ ਇਸ ਵਿੱਚ ਕੰਮ ਸ਼ੁਰੂ ਹੋਇਆ ਸੀ। ਗੈਸ ਲੀਕ ਹੋਣਾ ਸਵੇਰੇ 2.30 ਵਜੇ ਸ਼ੁਰੂ ਹੋਇਆ। ਜਦ ਤੱਕ ਗੈਸ ਲੀਕ ਹੋਣ ਤੋਂ ਰੋਕੀ ਜਾਂਦੀ ਓਦੋਂ ਤੱਕ ਗੈਸ ਪੂਰੇ ਖੇਤਰ ਵਿੱਚ ਤੇਜ਼ੀ ਨਾਲ ਫੈਲ ਗਈ ਸੀ।
ਸੂਰਜ ਨਿਕਲਣ ਤੱਕ ਵਿਸ਼ਾਖਾਪਟਨਮ ਵਿੱਚ ਦਹਿਸ਼ਤ ਦਾ ਮਾਹੌਲ ਸੀ। ਸੀਐਮ ਜਗਨਮੋਹਨ ਰੈਡੀ ਨੇ ਤੁਰੰਤ ਜ਼ਿਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਮਦਦ ਕਰਨ ਦੇ ਨਿਰਦੇਸ਼ ਦਿੱਤੇ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ‘ਤੇ ਗੱਲਬਾਤ ਕਰਕੇ ਜਗਨਮੋਹਨ ਰੈਡੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਪੀਐਮ ਮੋਦੀ ਨੇ ਟਵੀਟ ਕਰਕੇ ਗੈਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਾਦਸੇ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨਡੀਐਮਏ ਦੀ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਈ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਤੋਂ ਇਲਾਵਾ ਆਫ਼ਤ ਪ੍ਰਬੰਧਨ ਨਾਲ ਜੁੜੇ ਉੱਚ ਅਧਿਕਾਰੀ ਮੌਜੂਦ ਸਨ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਮਦਦ ਕਰਨ।