6th death with Corona in Jalandhar : ਜਲੰਧਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜਲੰਧਰ ਵਿਚ ਕੋਰੋਨਾ ਵਾਇਰਸ ਨਾਲ 6ਵੀਂ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜੰਡੂਸਿੰਘਾ ਦੇ ਰਹਿਣ ਰਹਿਣ ਵਾਲੇ 91 ਸਾਲਾ ਬਜ਼ੁਰਗ ਦਰਸ਼ਨ ਸਿੰਘ ਨੇ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਅੱਜ ਦਮ ਤੋੜ ਦਿੱਤਾ। ਇਥੇ ਦੱਸਣਯੋਗ ਹੈ ਕਿ ਉਕਤ ਵਿਅਕਤੀ ਦੀ ਬੀਤੇ ਦਿਨ ਹੀ ਰਿਪੋਰਟ ਵਿਚ ਉਸ ਦੇ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਜਲੰਧਰ ਦੇ ਕਿਡਨੀ ਹਸਪਤਾਲ ਤੋਂ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਸੀ।
ਦੱਸ ਦੇਈਏ ਕਿ ਅੱਜ ਹੋਈ ਇਸ ਮੌਤ ਨਾਲ ਜਲੰਧਰ ਵਿਚ ਕੁਲ ਮੌਤਾਂ ਦੀ ਗਿਣਤੀ 6 ਹੋ ਗਈ ਹੈ, ਜਦਕਿ ਹੁਣ ਤੱਕ ਕੋਰੋਨਾ ਵਾਇਰਸ ਦੇ 174 ਕੇਸ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਹੁਣ ਤੱਕ ਕੋਰੋਨਾ ਦੇ 24 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਦੱਸਣਯੋਗ ਹੈ ਕਿ ਕੱਲ ਵੀ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ 6 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਇਨ੍ਹਾਂ ਵਿਚੋਂ ਕਿਡਨੀ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਹਸਪਤਾਲ ਦੇ ਸਟਾਫ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਹਸਪਤਾਲ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਇਨ੍ਹਾਂ ਵਿਚੋਂ ਇਕ ਡਾਕਟਰ ਕਪੂਰਥਲਾ ਅਤੇ ਦੂਸਰਾ ਪਿੰਡ ਲੇਸੜੀਵਾਲ ਦਾ ਰਹਿਣ ਵਾਲਾ ਹੈ। ਇਸੇ ਤਰ੍ਹਾਂ ਉਸੇ ਹਸਪਤਾਲ ਵਿਚ ਕੰਮ ਕਰ ਰਹੇ ਧੀਨਾ ਨਿਵਾਸੀ 54 ਸਾਲਾ ਇਕ ਔਰਤ ਅਤੇ ਗੁਰੂ ਨਾਨਕਪੁਰਾ ਈਸਟ ਨਿਵਾਸੀ 36 ਸਾਲਾ ਔਰਤ ਦੀ ਵੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਇਨ੍ਹਾਂ ਤੋਂ ਇਲਾਵਾ ਬਸਤੀ ਸ਼ੇਖ ਵਿਚ ਰਹਿਣ ਵਾਲੀ 50 ਸਾਲਾ ਅਤੇ 54 ਸਾਲ ਦੀਆਂ ਦੋ ਔਰਤਾਂ ਦੀ ਰਿਪੋਰਟ ਵਿਚ ਵੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਇਹ ਦੋਵੇਂ ਔਰਤਾਂ ਨਗਰ ਨਿਗਮ ਨਾਲ ਸੰਬੰਧਤ ਦੱਸੀਆਂ ਜਾ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਇਸ 91 ਸਾਲਾ ਬਜ਼ੁਰਗ ਦੀ ਵੀ ਰਿਪੋਰਟ ਪਾਜ਼ੀਟਿਵ ਆਈ ਸੀ।