US coronavirus deaths rise: ਵਾਸ਼ਿੰਗਟਨ: ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਇਸ ਵਾਇਰਸ ਦੇ ਇਲਾਜ ਦਾ ਹਾਲੇ ਤੱਕ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਪਾਈ ਹੈ । ਇਸ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 2 ਲੱਖ 83 ਹਜ਼ਾਰ ਤੋਂ ਵਧੇਰੇ ਹੋ ਚੁੱਕਾ ਹੈ, ਜਦਕਿ ਪੀੜਤਾਂ ਦੀ ਗਿਣਤੀ 41 ਲੱਕ 80 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ । ਉੱਥੇ ਹੀ 14 ਲੱਖ 93 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਹਨ । ਦੁਨੀਆ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਅਸਰ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਮ੍ਰਿਤਕਾਂ ਦੀ ਗਿਣਤੀ 80 ਹਜ਼ਾਰ ਤੋਂ ਵਧੇਰੇ ਹੋ ਚੁੱਕੀ ਹੈ ।
ਦਰਅਸਲ, ਐਤਵਾਰ ਨੂੰ ਅਮਰੀਕਾ ਵਿੱਚ 20,329 ਨਵੇਂ ਕੇਸ ਸਾਹਮਣੇ ਆਏ ਅਤੇ 750 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ । ਜਦੋਂਕਿ ਇਸ ਤੋਂ ਇੱਕ ਦਿਨ ਪਹਿਲਾਂ ਇੱਥੇ 25,524 ਨਵੇਂ ਕੇਸ ਸਾਹਮਣੇ ਆਏ ਸਨ ਅਤੇ 1,422 ਲੋਕਾਂ ਦੀ ਮੌਤ ਹੋ ਗਈ ਸੀ । ਪੂਰੀ ਦੁਨੀਆ ਵਿੱਚ ਲਗਭਗ ਇੱਕ ਤਿਹਾਈ ਮਰੀਜ਼ ਅਮਰੀਕਾ ਵਿੱਚ ਹਨ । ਇੱਥੇ 13 ਲੱਖ ਤੋਂ ਵੱਧ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਏ ਹਨ । ਅਮਰੀਕਾ ਦੇ ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਸੂਬਿਆਂ ਵਿੱਚ ਵੀ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ।
ਵਰਲਡਮੀਟਰ ਅਨੁਸਾਰ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸੋਮਵਾਰ ਸਵੇਰ ਤੱਕ 13 ਲੱਖ 67 ਹਜ਼ਾਰ 638 ਹੋ ਗਈ । ਉੱਥੇ ਹੀ ਕੁੱਲ 80,787 ਲੋਕਾਂ ਦੀ ਮੌਤ ਹੋ ਗਈ ਹੈ । ਹਾਲਾਂਕਿ 2 ਲੱਖ 56 ਹਜ਼ਾਰ ਲੋਕ ਵੀ ਠੀਕ ਹੋ ਚੁੱਕੇ ਹਨ । ਅਮਰੀਕਾ ਦੇ ਨਿਊਯਾਰਕ ਵਿੱਚ ਸਭ ਤੋਂ ਵੱਧ 345,406 ਮਾਮਲੇ ਸਾਹਮਣੇ ਆਏ ਹਨ । ਸਿਰਫ ਨਿਊਯਾਰਕ ਵਿੱਚ 26,812 ਲੋਕਾਂ ਦੀ ਮੌਤ ਹੋਈ ਹੈ । ਇਸ ਤੋਂ ਬਾਅਦ ਨਿਊ ਜਰਸੀ ਵਿੱਚ 140,008 ਕੋਰੋਨਾ ਮਰੀਜ਼ਾਂ ਵਿੱਚੋਂ 9,264 ਲੋਕਾਂ ਦੀ ਮੌਤ ਹੋ ਗਈ ।
ਅੰਕੜਿਆਂ ਅਨੁਸਾਰ ਅਮਰੀਕਾ ਦੇ ਆਸ਼ਰਮਾਂ ਅਤੇ ਹੋਰ ਲੰਮੇ ਸਮੇਂ ਦੀ ਦੇਖਭਾਲ ਸੰਸਥਾਵਾਂ ਵਿੱਚ ਘੱਟੋ-ਘੱਟ 25,600 ਬਜ਼ੁਰਗ ਅਤੇ ਕਰਮਚਾਰੀ ਅਜਿਹੇ ਹਨ ਜਿਨ੍ਹਾਂ ਦੀ ਕੋਵਿਡ-19 ਕਾਰਨ ਮੌਤ ਹੋ ਗਈ ਹੈ । ਆਸ਼ਰਮਾਂ ਵਿੱਚ ਮੌਤ ਦੇ ਕੇਸਾਂ ਦੀ ਗਿਣਤੀ ਪੂਰੇ ਦੇਸ਼ ਦਾ ਇੱਕ ਤਿਹਾਈ ਹੈ, ਜਦੋਂ ਕਿ ਪੀੜਤ ਮਾਮਲਿਆਂ ਦਾ ਅਨੁਪਾਤ ਦੇਸ਼ ਦਾ 10 ਪ੍ਰਤੀਸ਼ਤ ਹੈ, ਜੋ ਮੌਤ ਦਰ ਨਾਲੋਂ ਬਹੁਤ ਘੱਟ ਹੈ ।