The condition of hockey : ਓਲੰਪਿਕ ਵਿਚ ਤਿੰਨ ਵਾਰ ਗੋਲਡ ਮੈਡਲ ਜਿੱਤਣ ਵਾਲੇ ਆਪਣੇ ਜ਼ਮਾਨੇ ਦੇ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਚਿੰਤਾਜਨਕ ਹੈ। ਉਨ੍ਹਾਂ ਦੀ ਉਮਰ 96 ਸਾਲ ਹੈ। ਇਹ ਜਾਣਕਾਰੀ ਉਨ੍ਹਾਂ ਦੇ ਦੋਹਤੇ ਕਬੀਰ ਨੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਬਲਬੀਰ ਸਿੰਘ ਨਿਮੋਨੀਆ ਤੋਂ ਪੀੜਤ ਸਨ। ਇਸ ਲਈ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿਥੇ ਅਜੇ ਵੀ ਉਨ੍ਹਾਂ ਦੀ ਹਾਲਤ ਵਿਚ ਕੁਝ ਖਾਸ ਸੁਧਾਰ ਨਹੀਂ ਹੋਇਆ ਹੈ। ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ।
ਬਲਬੀਰ ਸਿੰਘ ਨੇ ਲੰਡਨ, ਹੇਲਸਿੰਕੀ ਤੇ ਮੈਲਬੋਰਨ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਆਪਣੇ ਸਮੇਂ ’ਤੇ ਬੇਮਿਸਾਲ ਰਿਕਾਰਡ ਬਣਾਏ ਹੋਏ ਹਨ। ਉਹ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵਜੋਂ ਵੀ ਜਿੰਮੇਵਾਰੀ ਨਿਭਾ ਚੁੱਕੇ ਹਨ। ਅਹਿਤਿਆਤ ਦੇ ਤੌਰ ’ਤੇ ਬਲਬੀਰ ਸਿੰਘ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਪਰ ਚੰਗੀ ਖਬਰ ਇਹ ਹੈ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਬਲਬੀਰ ਸੀਨੀਅਰ ਸੈਕਟਰ-36 ਵਿਚ ਰਹਿੰਦੇ ਹਨ। ਉਹ ਆਪਣੀ ਧੀ ਸੁਸ਼ਬੀਰ ਤੇ ਕਬੀਰ ਨਾਲ ਰਹਿੰਦੇ ਹਨ। ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਬਲਬੀਰ ਸੀਨੀਅਰ ਦੀ ਤਬੀਅਤ ਸਥਿਰ ਬਣੀ ਹੋਈ ਹੈ।