The 23 year old student : ਪੂਰੇ ਪੰਜਾਬ ਵਿਚ ਲੌਕਡਾਊਨ ਚੱਲ ਰਿਹਾ ਹੈ ਜਿਸ ਕਾਰਨ ਸਾਰੇ ਕਾਰੋਬਾਰ ਠੱਪ ਪਏ ਹਨ ਅਤੇ ਇਸ ਦਾ ਪ੍ਰਭਾਵ ਹਰੇਕ ਵਿਅਕਤੀ ‘ਤੇ ਪੈ ਰਿਹਾ ਹੈ। ਲੌਕਡਾਊਨ ਕਾਰਨ ਬਹੁਤ ਸਾਰੇ ਪੇਪਰ ਵੀ ਮੁਲਤਵੀ ਕਰ ਦਿੱਤੇ ਗਏ ਹਨ। ਇਸੇ ਦੌਰਾਨ ਲੁਧਿਆਣਾ ਤੋਂ ਇਕ ਵਿਦਿਆਰਥੀ ਦੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖਬਰ ਆਈ ਹੈ। ਮ੍ਰਿਤਕ ਦੀ ਪਛਾਣ ਨਿਵਾਸੀ ਅਬਦੁੱਲਾਪੁਰ ਸਾਹਿਲ ਕੁਮਾਰ (23) ਵਜੋਂ ਹੋਈ ਹੈ। ਉਹ ਡੀ-ਫਾਰਮੇਸੀ ਦੀ ਪੜ੍ਹਾਈ ਕਰ ਰਿਹਾ ਸੀ। ਲੌਕਡਾਊਨ ਕਾਰਨ ਉਸ ਦਾ ਪੇਪਰ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਸਾਹਿਲ ਕੁਮਾਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਉਹ ਦਿਨ-ਰਾਤ ਇਕ ਕਰਕੇ ਫਾਈਨਲ ਪੇਪਰ ਦੀ ਤਿਆਰੀ ਕਰ ਰਿਹਾ ਸੀ ਪਰ ਕੋਵਿਡ-19 ਕਾਰਨ ਉਸ ਦੇ ਪੇਪਰ ਨਹੀਂ ਹੋ ਸਕੇ। ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗਾ। ਮਿਲੀ ਜਾਣਕਾਰੀ ਮੁਤਾਬਕ ਉਸ ਨੂੰ ਇਕ ਕੰਪਨੀ ਵਲੋਂ ਨੌਕਰੀ ਦਾ ਆਫਰ ਵੀ ਆ ਚੁੱਕਾ ਸੀ ਪਰ ਜਦੋਂ ਤਕ ਪੇਪਰ ਨਹੀਂ ਹੋਣੇ ਸਨ ਉਦੋਂ ਤਕ ਉਸ ਨੂੰ ਨੌਕਰੀ ਵੀ ਨਹੀਂ ਮਿਲ ਸਕਦੀ ਸੀ। ਪਤਾ ਲੱਗਾ ਹੈ ਕਿ ਸ਼ਨੀਵਾਰ ਰਾਤ ਨੂੰ ਮ੍ਰਿਤਕ ਖਾਣਾ ਖਾ ਕੇ ਆਪਣੇ ਕਮਰੇ ਵਿਚ ਸੌਣ ਲਈ ਚਲਾ ਗਿਆ ਤੇ ਐਤਵਾਰ ਨੂੰ ਜਦੋਂ ਉਸ ਦਾ ਭਰਾ ਕਮਰੇ ਵਿਚ ਪਈ ਅਲਮਾਰੀ ਤੋਂ ਪੈਸੇ ਕੱਢਣ ਲਈ ਗਿਆ ਤਾਂ ਉਸ ਨੂੰ ਘਟਨਾ ਦਾ ਪਤਾ ਲੱਗਾ। ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਲੁਧਿਆਣਾ ਵਿਖੇ ਮਾਡਲ ਟਾਊਨ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਪੂਰਾ ਜਾਇਜਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੂਰੇ ਘਰ ਵਿਚ ਮਾਹੌਲ ਗਮਗੀਨ ਬਣਿਆ ਹੋਇਆ ਹੈ।