Majithia speaks on tensions between : ਪੰਜਾਬ ਦੇ ਮੰਤਰੀ ਮੰਡਲ ਵਿਚਾਲੇ ਚੱਲ ਰਹੀ ਖਿੱਚੋਤਾਣ ’ਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਕੋਰੋਨਾ ਲੜਦੇ-ਲੜਦੇ ਮੰਤਰੀ ਆਪਸ ਵਿਚ ਹੀ ਲੜਨ ਲੱਗ ਗਏ ਹਨ। ਇਕ ਪਾਸੇ ਤਾਂ ਕੋਰੋਨਾ ਨਾਲ ਲੜਾਈ ਚੱਲ ਰਹੀ ਹੈ ਤੇ ਦੂਜੇ ਪਾਸੇ ਮੰਤਰੀਆਂ ਦੀ। ਕੈਬਨਿਟ ਵਿਚ ਮੰਤਰੀਆਂ ਵੱਲੋਂ ਮੁੱਖ ਸਕੱਤਰ ਦੇ ਰਵੱਈਏ ’ਤੇ ਸਵਾਲ ਚੁੱਕਣ ਸਬੰਧੀ ਮਜੀਠੀਆ ਨੇ ਕਿਹਾ ਕਿ ਕਰਨ ਅਵਤਾਰ ਸਿੰਘ ਨੂੰ ਆਪਣੀ ਸਰਵਿਸ ’ਤੇ 36 ਸਾਲ ਹੋ ਗਏ ਹਨ, ਇਸ ਦੌਰਾਨ ਇਨ੍ਹਾਂ ਦਾ ਇਹ ਰਵੱਈਆ ਨਜ਼ਰ ਨਹੀਂ ਆਇਆ, ਜੋ ਇਸ ਸਮੇਂ ਇਸ ’ਤੇ ਸਵਾਲ ਉਠਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਲੜਾਈ ਵਿਚਾਲੇ ਮੰਤਰੀਆਂ ਦੀ ਹਉਮੈ ਨਜ਼ਰ ਆ ਰਹੀ ਹੈ ਤੇ ਕਾਂਗਰਸ ਅਫਸਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨਾਲ ਜੋ ਵਤੀਰਾ ਹੋਇਆ ਹੈ ਇਸ ਨਾਲ ਮੰਤਰੀ ਮੰਡਲ ਨੂੰ ਲੈ ਕੇ ਗਲਤ ਸੰਦੇਸ਼ ਫੈਲ ਰਿਹਾ ਹੈ ਕਿ ਜੇਕਰ ਮੁੱਖ ਸਕੱਤਰ ਨਾਲ ਅਜਿਹਾ ਸਲੂਕ ਹੋ ਸਕਦਾ ਹੈ ਤਾਂ ਆਮ ਅਧਿਕਾਰੀਆਂ ਪ੍ਰਤੀ ਕਿਹੋ ਜਿਹਾ ਰਵੱਈਆ ਹੋਵੇਗਾ। ਮੁੱਖ ਸਕੱਤਰ ਜੋਕਿ ਕੈਬਿਨਟ ਦਾ ਕਸਟੋਰਡੀਅਨ ਹੁੰਦਾ ਹੈ, ਜੇਕਰ ਉਸ ਨਾਲ ਹੀ ਸਹਿਮਤੀ ਨਹੀਂ ਤੈ ਤਾਂ ਸਰਕਾਰ ਦੇ ਹਾਲਾਤ ਹੋਰ ਵਿਗੜ ਸਕਦੇ ਹਨ।
ਮਜੀਠੀਆ ਨੇ ਕਿਹਾ ਕਿ ਮੰਤਰੀਆਂ ਅਤੇ ਅਧਿਕਾਰੀਆਂ ਵਿਚ ਖਿੱਚੋਤਾਣ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਜਾਂ ਫਿਰ ਚੀਫ ਜਸਟਿਸ ਤੋਂ ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਅੱਜ ਬੈਠਕ ਵਿਚ ਹੋਈ ਮੁੱਖ ਸਕੱਤਰੇਤ ’ਤੇ ਚਰਚਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਕਹਿੰਦੇ ਹਨ ਕਿ ਅਧਿਕਾਰਕ ਏਜੰਡੇ ’ਤੇ ਚਰਚਾ ਨਹੀਂ ਹੋਈ ਪਰ ਅਨ-ਅਧਿਕਾਰਕ ਏਜੰਡੇ ’ਤੇ ਚਰਚਾ ਹੋਈ ਹੈ, ਜੋਕਿ ਸੰਵਿਧਾਨ ਤੋਂ ਪਰੇ ਹੈ। ਇਸ ਦੌਰਾਨ ਮਜੀਠੀਆ ਨੇ ਪੰਜਾਬ ਵਿਚ ਲੋਕਾਂ ਦੇ ਕਾਰੋਬਾਰ ਬੰਦ ਹੋਣ ਕਰਕੇ ਬਿਜਲੀ ਬਿੱਲ ਨਾ ਲੈਣ ਬਾਰੇ ਵੀ ਕਿਹਾ। ਸਰਕਾਰ ਦੀ ਸ਼ਰਾਬ ਨੀਤੀ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਠੇਕਿਆਂ ’ਤੇ ਲਾਈਨਾਂ ਵੱਧ ਗੈਰ-ਕਾਨੂੰਨੀ ਵਿਕਰੀ ਅਤੇ ਹੋਮ ਡਿਲਵਰੀ ਕਰਕੇ ਨਹੀਂ ਲੱਗੀਆਂ।