Who is responsible for : ਲੌਕਡਾਊਨ ਦੌਰਾਨ ਬਹੁਤ ਸਾਰੀਆਂ ਮੰਦਭਾਗੀ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਖੁਦਕੁਸ਼ੀਆਂ ਦੇ ਕੇਸ ਵੀ ਲਗਾਤਾਰ ਵਧ ਰਹੇ ਹਨ। ਕਰਫਿਊ ਕਰਕੇ ਬਹੁਤ ਸਾਰੇ ਮਜ਼ਦੂਰ ਬੇਰੋਜ਼ਗਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲ ਰਹੀ। ਸਰਕਾਰ ਵਲੋਂ ਉਨ੍ਹਾਂ ਨੂੰ ਰਾਸ਼ਨ ਦੇਣ ਦੇ ਬਹੁਤ ਵੱਡੇ-ਵੱਡੇ ਵਾਅਦੇ ਤਾਂ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਹੂਲਤ ਨਾ ਮਿਲਣ ਕਾਰਨ ਉਹ ਮਾਨਸਿਕ ਪੀੜਾ ਤੋਂ ਲੰਘ ਰਹੇ ਹਨ ਅਤੇ ਇਸੇ ਪ੍ਰੇਸ਼ਾਨੀ ਹੇਠ ਖੁਦਕੁਸ਼ੀਆਂ ਦੇ ਮਾਮਲੇ ਵਧ ਰਹੇ ਹਨ। ਰਾਸ਼ਨ ਨਾ ਮਿਲਣ ਕਾਰਨ ਬਹੁਤ ਸਾਰੇ ਮਜ਼ਦੂਰ ਸੜਕਾਂ ’ਤੇ ਆ ਗਏ ਹਨ, ਬਿਜਲੀ ਦੇ ਖੰਭਿਆਂ ’ਤੇ ਚੜ੍ਹ ਰਹੇ ਹਨ ਜਾਂ ਖੁਦਕੁਸ਼ੀਆਂ ਕਰ ਰਹੇ ਹਨ।
ਪਰ ਇਨ੍ਹਾਂ ਗਰੀਬਾਂ ਦੀ ਆਵਾਜ਼ ਸਰਕਾਰ ਤਕ ਪਹੁੰਚਾਉਣ ਦੀ ਬਜਾਏ ਕੈਬਨਿਟ ਮੀਟਿੰਗ ਵਿਚ ਸ਼ਰਾਬ ਦੇ ਕਾਰੋਬਾਰ ਨੂੰ ਲੈ ਕੇ ਚਰਚਾ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ, ਵਿਧਾਇਕ ਨੂੰ ਇਨ੍ਹਾਂ ਗਰੀਬਾਂ, ਬੇਸਹਾਰਾ ਲੋਕਾਂ ਦਾ ਦੁੱਖ-ਦਰਦ ਨਹੀਂ ਦਿਸ ਰਿਹਾ। ਜੇਕਰ ਅਜਿਹਾ ਹੁੰਦਾ ਤਾਂ ਕਲ ਹੋਈ ਕੈਬਨਿਟ ਮੀਟਿੰਗ ਵਿਚ ਕੋਈ ਮੰਤਰੀ ਜਾਂ ਵਿਧਾਇਕ ਤਾਂ ਇਸ ਮੁੱਦੇ ਨੂੰ ਜ਼ਰੂਰ ਚੁੱਕਦਾ ਪਰ ਅਜਿਹਾ ਨਹੀਂ ਹੋਇਆ। ਭਾਜਪਾ ਆਗੂ ਨੇ ਮੰਤਰੀ ਤੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਗਰੀਬ, ਲੋੜਵੰਦ ਤੇ ਬੇਰੋਜ਼ਗਾਰ ਮਜ਼ਦੂਰਾਂ ਦੀ ਆਵਾਜ਼ ਬਣਨ ਅਤੇ ਉਨ੍ਹਾਂ ਦੇ ਮੁੱਦੇ ਪੰਜਾਬ ਸਰਕਾਰ ਤਕ ਪਹੁੰਚਾਉਣ ਤਾਂ ਜੋ ਉਨ੍ਹਾਂ ਦੀਆਂ ਰੋਜਾਨਾ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਭਾਜਪਾ ਆਗੂ ਜੋਸ਼ੀ ਨੇ ਕਿਹਾ ਕਿ ਕਲ ਹੋਈ ਕੈਬਨਿਟ ਮੀਟਿੰਗ ਵਿਚ ਨਾਂ ਤਾਂ ਸੁਨੀਲ ਜਾਖੜ ਤੇ ਨਾ ਹੀ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਗਰੀਬਾਂ ਨਾਲ ਹੋ ਰਹੀ ਬੇਇਨਸਾਫੀ ਦਾ ਮੁੱਦਾ ਚੁੱਕਿਆ। ਹਰ ਕੋਈ ਸਿਆਸੀ ਜੰਗ ਵਿਚ ਇੰਨੀ ਕੁ ਰੁਝਿਆ ਪਿਆ ਹੈ ਕਿ ਉਨ੍ਹਾਂ ਦਾ ਧਿਆਨ ਇਨ੍ਹਾਂ ਗਰੀਬ ਮਜ਼ਦੂਰਾਂ ਵਲ ਨਹੀਂ ਜਾ ਰਿਹਾ।