The support given by the nurses : ਸਿਹਤ ਮੰਤਰੀ ਸ. ਬਲਬੀਰ ਸਿੰਘ ਸੰਧੂ ਵਲੋਂ ਕਲ ਕੌਮਾਂਤਰੀ ਨਰਸ ਦਿਵਸ ਮੌਕੇ ਨਰਸਾਂ ਵਲੋਂ ਕੋਵਿਡ-19 ਖਿਲਾਫ ਜੰਗ ਵਿਚ ਦਿੱਤੇ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਬਿਨਾਂ ਨਰਸਾਂ ਤੋਂ ਅਸੀਂ ਕੋਰੋਨਾ ਵਾਇਰਸ ਖਿਲਾਫ ਲੜਾਈ ਨਹੀਂ ਲੜ ਸਕਦੇ। ਨਰਸਿੰਗ ਸਟਾਫ ਸਿਹਤ ਵਿਭਾਗ ਦਾ ਬੁਨਿਆਦੀ ਢਾਂਚਾ ਹਨ। ਸਿਹਤ ਮੰਤਰੀ ਸ. ਬਲਬੀਰ ਸਿੰਘ ਸੰਧੂ ਨੇ ਕਿਹਾ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿਚ ਨਰਸਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਸਲਾਮ ਕਰਦੇ ਹਨ।
ਸ. ਸੰਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਜਿਥੇ ਸਾਰੇ ਆਪਣੇ ਘਰਾਂ ਅੰਦਰ ਲੌਕਡਾਊਨ ਹੋਏ ਪਏ ਹਨ ਉਥੇ ਨਰਸਿੰਗ ਸਟਾਫ ਵਲੋਂ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ ਤੇ ਇਨ੍ਹਾਂ ’ਚੋਂ ਬਹੁਤ ਸਾਰਿਆਂ ਨੂੰ ਆਪਣੇ ਘਰ ਤੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡ ਵਿਚ ਬਹੁਤ ਸਾਰੀਆਂ ਵੀਡੀਓ ਅਜਿਹੀਆਂ ਵਾਇਰਲ ਹੋ ਰਹੀਆਂ ਹਨ ਜਿਥੇ ਨਰਸਾਂ ਕੋਵਿਡ-19 ਮਰੀਜਾਂ ਦਾ ਇਲਾਜ ਵੀ ਕਰ ਰਹੀਆਂ ਹਨ ਤੇ ਨਾਲ ਹੀ ਉਨ੍ਹਾਂ ਦਾ ਮਨੋਬਲ ਵੀ ਵਧਾ ਰਹੀਆਂ ਹਨ। ਨਰਸਾਂ ਵੀ ਡਾਕਟਰ ਦੇ ਸਹਾਇਕਾ ਦੇ ਤੌਰ ’ਤੇ ਕੰਮ ਕਰਦੀਆਂ ਹਨ ਤੇ ਬਿਨਾਂ ਉਨ੍ਹਾਂ ਤੋਂ ਡਾਕਟਰ ਵੀ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾ ਸਕਦੇ।
ਕੌਮਾਂਤਰੀ ਨਰਸ ਦਿਵਸ ਫਲੋਰੈਂਸ ਨਾਈਟਿੰਗਲ ਦੇ ਜਨਮ ਦੀ ਯਾਦ ਵਿਚ ਮਨਿਆ ਜਾਂਦਾ ਹੈ। ਇੰਟਰਨੈਸ਼ਨਲ ਕੌਂਸਲ ਆਫ ਨਰਸਿੰਗ ਦੁਆਰਾ 1965 ਵਿਚ ਪਹਿਲਾ ਨਰਸਿੰਗ ਦਿਵਸ ਮਨਾਇਆ ਗਿਆ ਤੇ 1974 ਵਿਚ ਕੌਂਸਲ ਨੇ ਫਲੋਰੈਂਸ ਨਾਈਟਿੰਗੇਲ ਦੀ ਜਨਮ ਦਿਨ ’ਤੇ ਨਰਸ ਦਿਵਸ ਮਨਾਉਣ ਨੂੰ ਪ੍ਰਵਾਨਗੀ ਦਿੱਤੀ ਸੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਨਰਸਾਂ ਵਲੋਂ ਵੀ ਯੋਧਿਆਂ ਦੀ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਵਲੋਂ ਦਿੱਤਾ ਗਿਆ ਯੋਗਦਾਨ ਪ੍ਰਸ਼ੰਸਾਯੋਗ ਹੈ। ਜਿਲ੍ਹਾ ਹਸਪਤਾਲ ਮੋਹਾਲੀ ਵਿਖੇ ਕੌਮਾਂਤਰੀ ਨਰਸ ਦਿਵਸ ਮਨਾਇਆ ਗਿਆ ਜਿਥੇ ਪਰਿਵਾਰ ਭਾਲਈ ਦੇ ਡਾਇਰੈਕਟਰ ਡਾ. ਪ੍ਰਦੀਪ ਕੌਰ ਜੌਹਲ ਨੇ ਸਟਾਫ ਨਰਸਾਂ ਨੂੰ ਫੁੱਲ ਭੇਟ ਕਰਕੇ ਸਨਮਾਨਿਤ ਕੀਤਾ।