2 new positive cases of : ਨਵਾਂਸ਼ਹਿਰ ਤੋਂ ਕੋਰੋਨਾ ਵਾਇਰਸ ਦੇ ਦੋ ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਇਨ੍ਹਾਂ ਨਵੇਂ ਸਾਹਮਣੇ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਵਿਚੋਂ ਇਕ ਮਾਮਲਾ ਅੰਮ੍ਰਿਤਸਰ ਅਤੇ ਦੂਜਾ ਕਪੂਰਥਲਾ ਦਾ ਦੱਸਿਆ ਗਿਆ ਹੈ। ਜ਼ਿਲਾ ਸਿਹਤ ਪ੍ਰਸ਼ਾਸਨ ਨੇ ਦੱਸਿਆ ਕਿ ਐਤਵਾਰ ਨੂੰ ਦਿੱਲੀ ਦੇ ਮਜਨੂੰ ਟਿੱਲਾ ਤੋਂ 15 ਵਿਅਕਤੀ ਜ਼ਿਲੇ ਵਿਚ ਆਏ ਸਨ, ਜਿਨ੍ਹਾਂ ਵਿਚੋਂ 5 ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਅਤੇ 11 ਹੋਰ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਸਨ। ਅੱਜ ਇਨ੍ਹਾਂ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 107 ਹੋ ਗਈ ਹੈ।
ਸਿਵਲ ਸਰਜਨ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਮਈ ਸ਼ਾਮ ਤੱਕ ਜ਼ਿਲੇ ਵਿਚ ਕੁਲ 1652 ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 1417 ਸੈਂਪਲ ਨੈਗੇਟਿਵ ਪਾਏ ਗਏ ਹਨ ਅਤੇ 107 ਪਾਜ਼ੀਟਿਵ, 2 ਰਿਪੀਟ ਤੇ 128 ਦਾ ਨਤੀਜਾ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ 76 ਨਵੇਂ ਸੈਂਪਲ ਲਏ ਗਏ ਹਨ, ਜਦਕਿ 3 ਤੋਂ 12 ਮਈ ਤੱਕ 57 ਸੈਂਪਲਾਂ ਨੂੰ ਰੀ-ਸੈਂਪਲ ਕੀਤਾ ਗਿਆ ਹੈ, ਜਿਸ ਨਾਲ ਅੱਜ ਤੱਕ ਕੁਲ ਸੈਂਪਲਾਂ ਦੀ ਗਿਣਤੀ 1711 ਹੋ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਜ਼ਿਲਾ ਹਸਪਤਾਲ ਅਤੇ ਗੁਰੂ ਨਾਨਕ ਹਸਪਤਾਲ ਵਿਖੇ ਹੁਣ ਐਕਟਿਵ ਕੇਸਾਂ ਦੀ ਗਿਣਤੀ 86 ਹੈ, ਜਦਕਿ ਇਕ ਮਰੀਜ਼ ਲੁਧਿਆਣਾ ਦਾ ਹੋਣ ਕਰਕੇ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ।
ਦੱਸਣਯੋਗ ਹੈ ਕਿ ਜੰਮੂ ਤੋਂ ਆਏ ਟਰੱਕ ਡਰਾਈਵਰ ਅਤੇ ਉਸ ਦੀ ਮਾਤਾ ਸਣੇ ਸੰਪਰਕ ਵਿਚ ਆਏ 3 ਹੋਰ ਮਰੀਜ਼ਾਂ ਤੋਂ ਇਲਾਵਾ ਮਹਾਰਾਸ਼ਟਰ ਨਾਂਦੇੜ (ਸ੍ਰੀ ਹਜ਼ੂਰ ਸਾਹਿਬ) ਤੋਂ ਪਰਤੇ ਸ਼ਰਧਾਲੂ ਅਤੇ ਫੈਕਟਰੀ ਦੇ ਵਰਕਰਾਂ ਦੇ ਵੱਡੀ ਗਿਣਤੀ ’ਚ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਜ਼ਿਲੇ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ।