Six people were injured : ਭਾਵੇਂ ਪੂਰੇ ਪੰਜਾਬ ਵਿਚ ਲੌਕਡਾਊਨ ਚੱਲ ਰਿਹਾ ਹੈ ਪਰ ਫਿਰ ਵੀ ਹਿੰਸਕ ਘਟਨਾਵਾਂ ਨਹੀਂ ਘੱਟ ਰਹੀਆਂ। ਇੰਝ ਜਾਪਦਾ ਹੈ ਕਿ ਲੋਕਾਂ ਦੇ ਮਨਾਂ ਵਿਚ ਪੁਲਿਸ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ। ਸ਼ਰਾਰਤੀ ਤੱਤਾਂ ਵਲੋਂ ਲੌਕਡਾਊਨ ਦਾ ਗਲਤ ਫਾਇਦਾ ਚੁੱਕ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਰਨਤਾਰਨ ਵਿਚ ਪੱਟੀ ਦੇ ਨਜ਼ਦੀਕੀ ਪਿੰਡ ਆਸਲ ਪਿੰਡ ‘ਚ ਬੀਤੀ ਰਾਤ ਦੋ ਧਿਰਾਂ ‘ਚ ਕਿਸੇ ਮਾਮੂਲੀ ਗੱਲ ਨੂੰ ਲੈ ਕਿ ਤਕਰਾਰ ਸ਼ੁਰੂ ਹੋ ਗਿਆ ਜਿਸ ਨੇ ਝਗੜੇ ਦਾ ਰੂਪ ਲੈ ਲਿਆ। ਇਹ ਝਗੜਾ ਇੰਨਾ ਵੱਧ ਗਿਆ ਕਿ ਪਹਿਲਾਂ ਪੱਥਰਬਾਜੀ ਹੋਈ ਪਰ ਬਾਅਦ ਵਿਚ ਇੱਕ ਧਿਰ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਫਾਇਰਿੰਗ ‘ਚ ਛੇ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਇਸ ਤੋਂ ਬਾਅਦ ਪੁਲਿਸ ਨੇ ਨੌਂ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸਿਵਲ ਹਸਪਤਾਲ ਵਿੱਚ ਸੰਮਾ ਸਿੰਘ ਨੇ ਦੱਸਿਆ ਕਿ ਚਾਰ ਲੋਕਾਂ ਦੇ ਗੋਲੀਆਂ ਦੇ ਛਰੇ ਲੱਗੇ ਤੇ ਗਲੀ ਵਿੱਚ ਖੜ੍ਹੇ ਨਿਸ਼ਾਨ ਸਿੰਘ ਤੇ ਉਸ ਦੀ 8 ਸਾਲ ਲੜਕੀ ਦੇ ਵੀ ਗੋਲੀਆਂ ਦੇ ਛਰੇ ਲੱਗੇ। ਇਸ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸਬੰਧੀ ਥਾਣਾ ਸਦਰ ਦੇ SHO ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ 9 ਮੁਲਜ਼ਮਾਂ ਖ਼ਿਲਾਫ 307, 323 ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਮੇਜਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਬਾਕੀ ਮੁਲਜ਼ਮ ਵੀ ਛੇਤੀ ਹੀ ਗ੍ਰਿਫਤ ਵਿਚ ਹੋਣਗੇ।