Ludhiana police formulates : ਲੁਧਿਆਣਾ ਪੁਲਿਸ ਵਲੋਂ ਹੁਣ ਆਪਣੀ ਰਣਨੀਤੀ ਵਿਚ ਤਬਦੀਲੀ ਕਰਨ ਦੀ ਯੋਜਨਾ ਹੈ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ। ਨਵੀਂ ਰਣਨੀਤੀ ਮੁਤਾਬਕ ਜਿਹੜੀਆਂ ਲਗਭਗ 200 ਮਹਿਲਾ ਪੁਲਿਸ ਮੁਲਾਜ਼ਮਾਂ ਫਰੰਟ ਲਾਈਨ ’ਤੇ ਕੰਮ ਕਰ ਰਹੀਆਂ ਹਨ ਉਨ੍ਹਾਂ ਨੂੰ ਜਲਦੀ ਹੀ ਥਾਣਿਆਂ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ ਕਿਉਂਕਿ ਇਨ੍ਹਾਂ ਮਹਿਲਾ ਪੁਲਿਸ ਮੁਲਾਜ਼ਮਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਹਨ ਜਿਹੜੀਆਂ ਵਿਆਹੁਤਾ ਹਨ ਤੇ ਜਿਨ੍ਹਾਂ ਦੇ ਬੱਚੇ ਵੀ ਛੋਟੇ ਹਨ। ਡਿਊਟੀ ਤੋਂ ਬਾਅਦ ਜਦੋਂ ਇਹ ਘਰ ਪਰਤਦੀਆਂ ਹਨ ਤਾਂ ਪਰਿਵਾਰ ਵਾਲਿਆਂ ਤੇ ਬੱਚੇ ਇਨ੍ਹਾਂ ਦੇ ਸੰਪਰਕ ਵਿਚ ਆਉਣ ਕਾਰਨ ਇੰਫੈਕਟਿਡ ਹੋ ਸਕਦੇ ਹਨ, ਜਿਸ ਕਾਰਨ ਕੋਰੋਨਾ ਨੂੰ ਬੜ੍ਹਾਵਾ ਮਿਲ ਸਕਦਾ ਹੈ। ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਹਰੇਕ ਥਾਣੇ ਆਉਣ ਵਾਲੇ ਹਰ ਵਿਅਕਤੀ ਦੀ ਸਕਰੀਨਿੰਗ ਕੀਤੀ ਜਾਵੇ।

ਲੁਧਿਆਣਾ ਪੁਲਿਸ ਵਿਭਾਗ ਵਲੋਂ ਜਾਣਕਾਰੀ ਦਿੱਤੀ ਗਈ ਉਨ੍ਹਾਂ ਦੇ ਇਹ ਕਦਮ ਚੁੱਕਣ ਦਾ ਇਕੋ-ਇਕ ਮਕਸਦ ਭੀੜ ਨੂੰ ਘਟਾਉਣਾ ਹੈ ਤੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਵਿਭਾਗ ਨੂੰ ਈ-ਮੇਲ ਜਾਂ ਫੋਨ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਤਾਂ ਜੋ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਪਾਲਣਾ ਕੀਤੀ ਜਾ ਸਕੇ ਤੇ ਜੇ ਬਹੁਤ ਹੀ ਲੋੜ ਪਵੇ ਤੇ ਪੁਲਿਸ ਥਾਣੇ ਜਾਣਾ ਪਵੇ ਤਾਂ ਉਥੇ ਗੇਟ ’ਤੇ ਖੜ੍ਹੇ ਪੁਲਿਸ ਮੁਲਾਜ਼ਮ ਵਲੋਂ ਵਿਅਕਤੀ ਦੀ ਸਕਰੀਨਿੰਗ ਕੀਤੀ ਜਾਵੇਗੀ। ਜੇਕਰ ਕਿਸੇ ਨੂੰ ਖਾਂਸੀ, ਜੁਕਾਮ ਜਾਂ ਬੁਖਾਰ ਵਰਗੀ ਸ਼ਿਕਾਇਤ ਹੁੰਦੀ ਵੀ ਹੈ ਤਾਂ ਉਹ ਫੋਨ ਰਾਹੀਂ ਤਾਂ ਆਪਣੀ ਗੱਲ ਕਹਿ ਹੀ ਸਕਦੇ ਹਨ ਤੇ ਪਹਿਲ ਦੇ ਆਧਾਰ ’ਤੇ ਉਨ੍ਹਾਂ ਦੀ ਸੁਣਵਾਈ ਕੀਤੀ ਜਾਵੇਗੀ।

ਕਮਿਸ਼ਨਰੇਟ ਪੁਲਿਸ ਕੋਲ ਜਿਹੜੀਆਂ ਸ਼ਿਕਾਇਤਾਂ ਮੇਲਾਂ ਰਾਹੀਂ ਰੋਜਾਨਾ ਆਉਂਦੀਆਂ ਹਨ ਉਨ੍ਹਾਂ ਨੂੰ ਹੋਰਨਾਂ ਪੁਲਿਸ ਅਫਸਰਾਂ ਨਾਲ ਵੀ ਲਿੰਕ ਕੀਤਾ ਜਾਵੇਗਾ ਤਾਂ ਜੋ ਰੋਜਾਨਾ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਹੋ ਸਕੇ ਅਤੇ ਤੇ ਪੁਲਿਸ ਵਿਭਾਗ ਦੀ ਸਮਰੱਥਾ ਨੂੰ ਵੀ ਵਦਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਵਲੋਂ ਵੀ ਹੁਣ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਤੇ ਨਾਲ ਹੀ ਉਨ੍ਹਾਂ ਲਈ ਵੀ ਦਸਤਾਨੇ ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਟ੍ਰੈਫਿਕ ਮੁਲਾਜ਼ਮਾਂ ਵਲੋਂ ਚੈਕਿੰਗ ਲਈ ਦਸਤਾਵੇਜ਼ ਚੈੱਕ ਕਰਨ ਲਈ ਮੋਬਾਈਲ ਨਾਲ ਫੋਟੋ ਖਿੱਚਣੀ ਹੋਵੇਗੀ। ਬੱਚਿਆਂ, ਬਿਰਧਾਂ ਤੇ ਔਰਤਾਂ ਨੂੰ ਕੋਰੋਨਾ ਜਲਦੀ ਆਪਣੀ ਪਕੜ ਵਿਚ ਲੈ ਲੈਂਦਾ ਹੈ। ਇਸ ਲਈ ਮਹਿਲਾ ਪੁਲਿਸ ਮੁਲਾਜ਼ਮਾਂ ਵਲੋਂ ਥਾਣੇ ਵਿਚ ਪਏ ਪੈਂਡਿੰਗ ਕੰਮ ਕਰਵਾਏ ਜਾਣਗੇ ਤੇ ਉਨ੍ਹਾਂ ਦੀ ਸੁਰੱਖਿਆ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਵੇਗਾ।






















