Corona Positive Case came : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੰਜਾਬ ਵਿਚ ਵੀ ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੇ ਵਧਦੇ ਮਾਮਲਿਆਂ ਦੀ ਗਿਣਤੀ ਕਰਕੇ ਸਿਹਤ ਵਿਭਾਗ ਦੀ ਚਿੰਤਾ ਵਧਦੀ ਹੀ ਜਾ ਰਹੀ ਹੈ। ਰੋਜ਼ਾਨਾ ਸੂਬੇ ਵਿਚ ਵੱਖ-ਵੱਖ ਜ਼ਿਲਿਆਂ ਵਿਚ ਇਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲੇ ਵਿਚ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤੋਂ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਇਸ ਦੀ ਜਾਣਕਾਰੀ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਤੋਂ ਇੰਚਾਰਜ ਡਾਕਟਰ ਰਘੁਬੀਰ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਿੰਡ ਖੁਰਾਲੀ (ਖੁਰਾਲਗੜ੍ਹ) ਤੋਂ ਸਾਹਮਣੇ ਆਇਆ ਹੈ।
ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਡਾਕਟਰ ਰਘੁਬੀਰ ਸਿੰਘ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਪਿੰਡ ਖੁਰਾਲਗੜ੍ਹ ਵਿਚ ਮਹਾਰਾਸ਼ਟਰ ਤੋਂ ਪਰਤੇ ਤਿੰਨ ਵਿਅਕਤੀਆਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਅੱਜ ਆਈ ਹੈ ਤੇ ਉਨ੍ਹਾਂ ਵਿਚੋਂ ਇਕ ਵਿਅਕਤੀ ਇੰਦਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਡਾ. ਰਘੁਬੀਰ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ ਦਿਨੀਂ ਮੁੰਬਈ ਤੋਂ ਆਇਆ ਸੀ। ਇੰਦਰਜੀਤ ਸਿੰਘ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਖੁਰਾਲਗੜ੍ਹ ਦੀ ਡਿਸਪੈਂਸਰੀ ਤੋਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹੁਣ ਤੱਕ 1970 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਹੁਣ ਤੱਕ ਇਸ ਖਤਰਨਾਕ ਵਾਇਰਸ ਨਾਲ ਸੂਬੇ ਵਿਚ 33 ਲੋਕ ਜਾਨ ਗੁਆ ਚੁੱਕੇ ਹਨ। ਇਥੇ ਦੱਸ ਦੇਈਏ ਕੇ ਬਹੁਤ ਸਾਰੇ ਲੋਕ ਇਸ ਵਾਇਰਸ ਨੂੰ ਇੱਛਾ ਸ਼ਕਤੀ ਨਾਲ ਮਾਤ ਵੀ ਦੇ ਰਹੇ ਹਨ।