7 new cases found in Jalandhar : ਜਲੰਧਰ ਵਿਚ ਕੋਰੋਨਾ ਵਾਇਰਸ ਦੇ 7 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ ਰਾਹਤ ਭਰੀ ਖਬਰ ਵੀ ਆਈ ਹੈ। ਇਥੇ 8 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਗਏ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਦੇ ਪਾਜ਼ੀਟਿਵ ਮਿਲੇ ਨਵੇਂ ਮਾਮਲਿਆਂ ਵਿਚ ਕੋਰੋਨਾ ਦਾ ਗੜ੍ਹ ਬਣ ਚੁੱਕੇ ਜਲੰਧਰ ਦੇ ਕਾਜ਼ੀ ਮੁਹੱਲੇ ਦੇ ਚਾਰ ਲੋਕ ਸ਼ਾਮਲ ਹਨ, ਜਿਨ੍ਹਾਂ ਦੀਆਂ ਰਿਪੋਰਟਾਂ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਮਿਲਣ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵੱਧ ਕੇ 206 ਹੋ ਗਈ ਹੈ।
ਇਸ ਦੇ ਨਾਲ ਜਲੰਧਰ ਦੇ ਸਿਵਲ ਹਸਪਤਾਲ ਤੋਂ ਅੱਠ ਵਿਅਕਤੀਆਂ ਦੇ ਠੀਕ ਹੋਣ ਦੀ ਚੰਗੀ ਖਬਰ ਵੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਜਲੰਧਰ ਵਿਚ ਮੇਅਰ ਜਗਦੀਸ਼ ਰਾਜਾ ਦੇ ਓਐਸਡੀ ਹਰਪ੍ਰੀਤ ਵਾਲੀਆ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਸਣੇ 8 ਕੋਰੋਨਾ ਪੀੜਤਾਂ ਦੀਆਂ ਰਿਪੋਰਟਾਂ ਨੈਗੇਟਿਵ ਪਾਈਆਂ ਗਈਆਂ ਹਨ, ਜਿਸ ਨਾਲ ਇਨ੍ਹਾਂ ਮਰੀਜ਼ਾਂ ਨੇ ਇਸ ਖਤਰਨਾਕ ਵਾਇਰਸ ਨੂੰ ਮਾਤ ਦੇ ਦਿੱਤੀ ਹੈ ਅਤੇ ਇਨ੍ਹਾਂ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਜਲੰਧਰ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਥੇ ਸੂਬੇ ਵਿਚ ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤੱਕ ਪੰਜਾਬ ਵਿਚ ਇਸ ਦੇ 1970 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 33 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵੱਖ-ਵੱਖ ਜ਼ਿਲਿਆਂ ਵਿਚ ਵਧ ਰਹੇ ਵਧੇਰੇ ਮਾਮਲੇ ਬਾਹਰਲੇ ਸੂਬੇ ਤੋਂ ਪਰਤੇ ਲੋਕਾਂ ਨਾਲ ਸਬੰਧਤ ਹਨ।