Mobile businessman Girish Manocha : ਲੁਧਿਆਣਾ ਵਿਖੇ ਬਸਤੀ ਜੋਧੇਵਾਲ ਦੀ ਜਨਤਾ ਕਾਲੋਨੀ ਬੁੱਧਵਾਰ ਰਾਤ ਨੂੰ 2 ਮੋਟਰਾਈਕਲ ਸਵਾਰਾਂ ਨੇ ਮੋਬਾਈਲ ਵਪਾਰੀ ਗਿਰੀਸ਼ ਮਨੋਚਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਗਿਰੀਸ਼ ਦਾ ਕਤਲ ਉਸ ਦੇ ਘਰ ਵਿਚ ਹੀ ਕੀਤਾ ਗਿਆ ਸੀ। ਦੋ ਨਕਾਬਪੋਸ਼ਾਂ ਨੇ ਘਰ ਵਿਚ ਦਾਖਲ ਹੋ ਕੇ ਉਸ ਦਾ ਕਤਲ ਕੀਤਾ। ਜਦੋਂ ਉਸ ਦਾ ਕਤਲ ਕੀਤਾ ਗਿਆ ਉਸ ਸਮੇਂ ਉਹ ਘਰ ਦੇ ਵਿਹੜੇ ਵਿਚ ਤੰਦੂਰ ’ਤੇ ਮਿੱਟੀ ਦਾ ਲੇਪ ਕਰ ਰਿਹਾ ਸੀ। ਇਕ ਨਕਾਬਪੋਸ਼ ਘਰ ਵਿਚ ਦਾਖਲ ਹਿਆ ਜਦੋਂ ਕਿ ਦੂਜਾ ਮੋਟਰਸਾਈਕਲ ਕੋਲ ਹੀ ਖੜ੍ਹਾ ਰਿਹਾ। ਨਕਾਬਪੋਸ਼ ਨੇ ਦੋ ਫਾਇਰ ਕੀਤੇ। ਇਕ ਸ਼ੀਸ਼ੇ ’ਚ ਲੱਗੇ ਅਤੇ ਦੂਜਾ ਗਿਰੀਸ਼ ਦੀ ਪਿੱਠ ਵਿਚ ਤੇ ਗਿਰੀਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਨਕਾਬਪੋਸ਼ ਆਪਣੇ ਦੂਜੇ ਸਾਥੀ ਨਾਲ ਫਰਾਰ ਹੋ ਗਿਆ। ਜਦੋਂ ਘਟਨਾ ਵਾਪਰੀ ਤਾਂ ਗਿਰੀਸ਼ ਦੀ ਪਤਨੀ ਸਵਿਨੀ ਮਨੋਚਾ, ਮਾਤਾ ਸੁਸ਼ਮਾ, ਪਿਤਾ ਜੋਗਿੰਦਰ ਤੇ ਵਡਾ ਭਰਾ ਘਰ ਵਿਚ ਹੀ ਮੌਜਦ ਸਨ। ਮੁਨੀਸ਼ ਘਰ ਦੇ ਉਪਰਲੇ ਹਿੱਸੇ ਵਿਚ ਸੀ। ਜਦੋਂ ਉਸ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਹੇਠਾਂ ਆਇਆ। ਉਸ ਨੇ ਦੇਖਿਆ ਕਿ ਗਿਰੀਸ਼ ਰਸੋਈ ਵਿਚ ਡਿੱਗਿਆ ਪਿਆ ਸੀ ਤੇ ਪਿਤਾ ਘਰ ਦੇ ਬਾਹਰ ਗਲੀ ਵਿਚ। ਦੋਵਾਂ ਨੂੰ ਤੁਰੰਤ ਦਯਾਨੰਦ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਗਿਰੀਸ਼ ਨੇ ਦਮ ਤੋੜ ਦਿੱਤਾ। ਇਸ ਕਤਲ ਕਾਂਡ ਵਿਚ ਪੁਲਿਸ ਵਲੋਂ ਮ੍ਰਿਤਕ ਦੇ ਤਾਏ ਰਜਿੰਦਰ ਮਨੋਚਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਰਜਿੰਦਰ ਮਨੋਚਾ ਨੇ ਭਾੜੇ ’ਤੇ ਦੋ ਵਿਅਕਤੀਆਂ ਨੂੰ ਲੈ ਕੇ ਆਪਣੇ ਭਤੀਜੇ ਦਾ ਕਤਲ ਕਰਵਾਇਆ। ਗਿਰੀਸ਼ ਦੇ ਵੱਡੇ ਭਰਾ ਨੇ ਦੱਸਿਆ ਕਿ ਇਸ ਕਤਲਕਾਂਡ ਪਿੱਛੇ ਉਸ ਦੇ ਤਾਏ ਦਾ ਹੱਥ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਤਾਏ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਸੀ। ਇਨ੍ਹਾਂ ਪੈਸਿਆਂ ਦੇ ਬਦਲੇ ਉਨ੍ਹਾਂ ਨੇ ਆਪਣੀ ਪ੍ਰਾਪਰਟੀ ਦਾ ਇਕ ਹਿੱਸਾ ਵੀ ਉਸ ਦੇ ਨਾਂ ਕਰਵਾ ਦਿੱਤਾ ਸੀ ਪਰ ਫਿਰ ਵੀ ਉਸ ਦੇ ਤਾਏ ਨੂੰ ਸੰਤੋਸ਼ ਨਹੀਂ ਆਇਆ ਅਤੇ ਉਹ ਹੋਰ ਪੈਸਿਆਂ ਦੀ ਮੰਗ ਕਰਨ ਲੱਗਾ ਤੇ ਉਨ੍ਹਾਂ ਨੂੰ ਧਮਕੀਆਂ ਦੇਣ ਲੱਗਾ। ਗਿਰੀਸ਼ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਮੁਨੀਸ਼ ਦੀ ਸ਼ਿਕਾਇਤ ’ਤੇ ਰਜਿੰਦਰ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਕਤਲਕਾਂਡ ਵਿਚ ਗੋਲੀ ਲੱਗਣ ਨਾਲ ਗਿਰੀਸ਼ ਦੇ ਪਿਤਾ ਜੋਗਿੰਦਰ ਪਾਲ ਮਨੋਚਾ ਵੀ ਜ਼ਖਮੀ ਹੋਏ ਸਨ ਜੋ ਦਯਾਨੰਦ ਹਸਪਤਾਲ ਵਿਖੇ ਇਲਾਜ ਅਧੀਨ ਹਨ।