China calls U.S to pay: ਚੀਨ ਵੱਲੋਂ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਪ੍ਰਤੀ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਸਰਗਰਮੀ ਨਾਲ ਨਿਭਾਉਣ ਲਈ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕੀਤਾ । ਜਿਸ ਵਿੱਚ ਚੀਨ ਨੇ ਕਿਹਾ ਕਿ ਵਾਸ਼ਿੰਗਟਨ ਇਸ ਸੰਗਠਨ ਦਾ 2 ਅਰਬ ਡਾਲਰ ਦਾ ਬਕਾਇਆ ਹੈ । ਇਸ ਬਾਰੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦਫਤਰ ਦੀ ਇੱਕ ਰਿਪੋਰਟ ਤੇ ਇੱਕ ਬੈਠਕ ਵਿੱਚ ਕਿਹਾ ਗਿਆ ਹੈ ਕਿ 14 ਮਈ ਤੱਕ ਸੰਯੁਕਤ ਰਾਸ਼ਟਰ ਦੇ ਨਿਯਮਤ ਬਜਟ ਅਤੇ ਸ਼ਾਂਤੀ ਬਜਟ ਅਧੀਨ ਕ੍ਰਮਵਾਰ 1.63 ਬਿਲੀਅਨ ਡਾਲਰ ਅਤੇ 2.14 ਬਿਲੀਅਨ ਅਮਰੀਕੀ ਡਾਲਰ ਦੀ ਕੁੱਲ ਰਕਮ ਵਾਪਸ ਨਹੀਂ ਕੀਤੀ ਗਈ ਹੈ ।
ਇਸ ਤੋਂ ਅੱਗੇ ਚੀਨ ਨੇ ਕਿਹਾ ਕਿ ਕਈ ਸਾਲਾਂ ਬਾਅਦ ਸੰਯੁਕਤ ਰਾਜ ਦਾ ਅਮਰੀਕਾ ਸਭ ਤੋਂ ਵੱਡਾ ਕਰਜ਼ਦਾਰ ਹੈ, ਜਿਸਨੂੰ ਕ੍ਰਮਵਾਰ 1.165 ਬਿਲੀਅਨ ਅਤੇ 1.332 ਬਿਲੀਅਨ ਅਮਰੀਕੀ ਡਾਲਰ ਦੇਣੇ ਹਨ । ਉੱਥੇ ਹੀ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਨਾਲ ਨਜਿੱਠਣ ਦੇ ਮਾਮਲੇ ਵਿੱਚ ਚੀਨੀ ਲੀਡਰਸ਼ਿਪ ਨਾਲ ਆਪਣੀ ਨਾਰਾਜ਼ਗੀ ਦਾ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਉਹ ਇਸ ਸਮੇਂ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ।
ਵ੍ਹਾਈਟ ਹਾਊਸ ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਟਰੰਪ ਤੋਂ ਪੁੱਛਿਆ ਗਿਆ ਸੀ ਕਿ ਉਹ ਸ਼ੀ ਨਾਲ ਗੱਲ ਕਿਉਂ ਨਹੀਂ ਕਰਨਾ ਚਾਹੁੰਦੇ ਜਿਸ ਬਾਰੇ ਉਨ੍ਹਾਂ ਕਿਹਾ ਕਿ ਮੈਂ ਇਸ ਸਮੇਂ ਉਨ੍ਹਾਂ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਅਸੀਂ ਦੇਖਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਹੈ । ਦੱਸ ਦੇਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਵਪਾਰ ਸਮਝੌਤੇ ਦੇ ਅਨੁਸਾਰ ਚੀਨ ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਅਮਰੀਕੀ ਸਮਾਨ ਖਰੀਦ ਰਿਹਾ ਹੈ ।
ਟਰੰਪ ਨੇ ਕਿਹਾ, “ਉਹ ਵਪਾਰ ਸੌਦੇ ‘ਤੇ ਬਹੁਤ ਜ਼ਿਆਦਾ ਖਰਚ ਕਰ ਰਹੇ ਹਨ, ਪਰ ਵਪਾਰ ਸਮਝੌਤੇ ‘ਤੇ ਮੇਰਾ ਮਜ਼ਾ ਥੋੜਾ ਕਿਰਕਿਰਾ ਹੋ ਗਿਆ ਹੈ, ਤੁਸੀਂ ਸਮਝ ਸਕਦੇ ਹੋ ।” ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹ ਵਪਾਰ ਸਮਝੌਤੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ । ਟਰੰਪ ਨੇ ਕਿਹਾ, ‘ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਕਹਿ ਸਕਦਾ ਹਾਂ ਕਿ ਚੀਨ ਸਾਡੇ ਬਹੁਤ ਸਾਰੇ ਉਤਪਾਦਾਂ ਨੂੰ ਖਰੀਦ ਰਿਹਾ ਹੈ, ਪਰ ਵਪਾਰ ਸਮਝੌਤਾ – ਅਜੇ ਇਹ ਸਿਆਹੀ ਵੀ ਸੁੱਕੀ ਨਹੀਂ ਸੀ ਕਿ ਕੋਰੋਨਾ ਵਾਇਰਸ ਚੀਨ ਤੋਂ ਆ ਗਿਆ ।