Ranjit Singh Cheetah and : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 532 ਕਿਲੋ ਹੈਰੋਇਨ ਮਾਮਲੇ ‘ਚ ਰਣਜੀਤ ਸਿੰਘ ਚੀਤਾ ਤੇ ਉਸ ਦੇ ਬਾਕੀ ਤਿੰਨ ਸਾਥੀਆਂ ਕੋਲੋਂ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚੀਤਾ ਦੇ ਤਿੰਨ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਉਨ੍ਹਾਂ ਨੂੰ ਰਿਮਾਂਡ ‘ਤੇ ਲੈ ਲਿਆ ਹੈ। ਅੰਮ੍ਰਿਤਸਰ ‘ਚ ਅਦਾਲਤ ਨੇ ਪੰਜ ਦਿਨ ਦਾ ਪੁਲਿਸ ਰਿਮਾਂਡ ਦਿਹਾਤੀ ਪੁਲਿਸ ਨੂੰ ਦਿੱਤਾ ਹੈ।
ਚੀਤਾ ਤੋਂ ਇਲਾਵਾ ਗਗਨਦੀਪ, ਵਿਕਰਮ ਤੇ ਮਨਿੰਦਰ ਨੂੰ ਦਿਹਾਤੀ ਪੁਲਸ ਨੇ ਰਿਮਾਂਡ ‘ਤੇ ਲਿਆ ਹੈ।ਇਸ ਦੀ ਪੁਸ਼ਟੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ SSP ਵਿਕਰਮਜੀਤ ਸਿੰਘ ਦੁੱਗਲ ਨੇ ਕੀਤੀ ਹੈ। ਚੀਤਾ ਤੇ ਉਸ ਦੇ ਇੱਕ ਸਾਥੀ ਨੂੰ ਅੰਮ੍ਰਿਤਸਰ ਸਿਟੀ ਪੁਲਿਸ ਨੇ ਹਰਿਆਣਾ ਦੇ ਸਿਰਸਾ ਤੋਂ ਟੈਰਰ ਫੰਡਿਗ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ ਤੇ ਅੰਮ੍ਰਿਤਸਰ ਸਿਟੀ ਨੂੰ ਪੰਜ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ। ਜਿਸ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚੀਤਾ ਦੇ ਬਾਕੀ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਜਾਣਕਾਰੀ ਅਨੁਸਾਰ ਐੱਨਆਈਏ ਵੀ ਚੀਤਾ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰਨਾ ਚਾਹੁੰਦੀ ਸੀ। ਪਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚੀਤਾ ਦੇ ਸਾਥੀਆਂ ਦੀ ਗ੍ਰਿਫਤਾਰੀ ਕਰ ਉਨ੍ਹਾਂ ਨੂੰ ਵੀ ਪੁਲਿਸ ਰਿਮਾਂਡ ਤੇ ਲੈ ਲਿਆ। ਹੁਣ ਐੱਨਆਈਏ ਚੀਤਾ ਦਾ ਪੁਲਿਸ ਰਿਮਾਂਡ ਖਤਮ ਹੋਣ ਦੀ ਉਡੀਕ ‘ਚ ਹੈ। ਚੀਤਾ ਦੇ ਖਿਲਾਫ 532 ਕਿਲੋ ਹੈਰੋਇਨ ਮਾਮਲੇ ਤੋਂ ਇਲਾਵਾ ਸਮਗਲਿੰਗ (ਨਸ਼ੀਲੇ ਪਦਾਰਥ ਤੇ ਹਥਿਆਰਾਂ) ਦਾ ਵੱਖਰਾ ਮਾਮਲਾ ਵੀ ਦਰਜ ਹੈ।
ਅਟਾਰੀ ਸਰਹੱਦ ਤੇ ਕਸਟਮ ਅਧਿਕਾਰੀਆਂ ਨੂੰ ਨਮਕ ਦੇ ਟਰੱਕ ‘ਚੋਂ 532 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਤੇ ਮੁੱਖ ਮੁਲਜਮ ਵਜੋਂ ਰਣਜੀਤ ਚੀਤਾ ਦਾ ਨਾਮ ਸਾਹਮਣੇ ਆਇਆ ਸੀ, ਜੋ ਇੱਕ ਸਾਲ ਤੋਂ ਫਰਾਰ ਚੱਲ ਰਿਹਾ ਸੀ। ਇਕ ਹੋਰ ਤੱਥ ਵੀ ਸਾਹਮਣੇ ਆਇਆ ਹੈ ਕਿ ਰਣਜੀਤ ਸਿੰਘ ਚੀਤਾ ਤੇ ਉਸ ਦਾ ਭਰਾ ਗਗਨ ਘਰ ਦੀਆਂ ਔਰਤਾਂ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਰਹੇ ਸਨ।