Five New Corona Positive : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਬੀਤੇ ਕੁਝ ਦਿਨਾਂ ’ਚ ਕਮੀ ਆਈ ਹੈ ਪਰ ਫਿਰ ਵੀ ਅਜੇ ਇਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬੰਗਾ ਵਿਚ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋਕਿ ਬੰਗਾ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚ ਇਕ ਮਾਮਲਾ ਪਿੰਡ ਮਾਲੋ ਮਜ਼ਾਰੇ ਦਾ ਵਰਿੰਦਰ ਸਿੰਘ ਹੈ, ਜਦਕਿ ਪਿੰਡ ਗੁਣਾਚੌਰ ਤੋਂ ਇਕ ਔਰਤ ਮਨਜੀਤ ਕੌਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਦਕਿ ਪਿੰਡ ਮੰਡੇਰਾ ਤੋਂ ਜਸਵੰਤ ਸਿੰਘ ਤੇ ਸੰਦੀਪ ਕੌਰ ਅਤੇ ਮਲ੍ਹਾ ਬੇਦੀਆ ਦੇ ਰਮੇਸ਼ ਕੁਮਾਰ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਉਕਤ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਬਣੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਨ ਬਾਰੇ ਸਲਾਹ ਕੀਤੀ ਜਾ ਰਹੀ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਿਹਤ ਵਿਭਾਗ ਦੇ ਉਪਰਾਲਿਆਂ ਸਦਕਾ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ ਠੀਕ ਹੋ ਕੇ ਘਰਾਂ ਨੂੰਪਰਤ ਰਹੇ ਹਨ। ਬੀਤੇ ਦਿਨੀਂ ਵੀ ਨਵਾਂਸ਼ਹਿਰ ਦੇ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਸਮੇਤ 59 ਵਿਅਕਤੀ ਕੋਰੋਨਾ ਨਾਲ ਜੰਗ ਨੂੰ ਫਤਹਿ ਕਰਕੇ ਘਰਾਂ ਨੂੰ ਪਰਤੇ ਹਨ।
ਦੱਸਣਯੋਗ ਹੈ ਕਿ ਕੱਲ ਠੀਕ ਹੋ ਕੇ ਵਾਪਿਸ ਪਰਤੇ ਵਿਅਕਤੀਆਂ ਵਿਚ ਇਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਸੀ। ਫਿਲਹਾਲ ਇਨ੍ਹਾਂ ਵਿਅਕਤੀਆਂ ਨੂੰ ਅਗਲੇ 10 ਦਿਨਾਂ ਲਈ ਘਰਾਂ ਵਿਚ ਹੀ ਇਕਾਂਤਵਾਸ ਵਿਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਵੀ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ।