Four new Corona Positive Patients : ਪੰਜਾਬ ਵਿਚ ਅਜੇ ਵੀ ਕੋਰੋਨਾ ਵਾਇਰਸ ਦੇ ਮਾਮਲੇ ਕੁਝ ਜ਼ਿਲਿਆਂ ਵਿਚੋਂ ਸਾਹਮਣੇ ਆ ਰਹੇ ਹਨ। ਅੱਜ ਫਰੀਦਕੋਟ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਨਵੇਂ ਚਾਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਨਵੇਂ ਸਾਹਮਣੇ ਆਏ ਪਾਜ਼ੀਟਿਵ ਮਰੀਜ਼ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੁਲ ਮਰੀਜ਼ਾਂ ਦੀ ਗਿਣਤੀ 60 ਹੋ ਗਈ ਹੈ, ਜਿਨ੍ਹਾਂ ਵਿਚੋਂ 45 ਮਰੀਜ਼ਾਂ ਨੂੰ ਸਿਹਤਯਾਬ ਹੋਣ ਕਰਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ ਤੇ ਹੁਣ ਫਰੀਦਕੋਟ ਵਿਚ ਕੋਰੋਨਾ ਵਾਇਰਸ ਦੇ ਕੁਲ 15 ਐਕਟਿਵ ਕੇਸ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਕੁਝ ਠੱਲ੍ਹ ਪੈਂਦੀ ਨਜ਼ਰ ਆ ਰਹੀ ਹੈ। ਸੂਬੇ ਵਿਚ ਸ਼ਨੀਵਾਰ ਨੂੰ 24 ਘੰਟੇ ਚ 952 ਮਰੀਜ਼ ਸਿਹਤਯਾਬ ਹੋ ਆਪਣੇ ਘਰ ਪਹੁੰਚੇ ਹਨ। ਦੱਸ ਦੱਈਏ ਕਿ ਹੁਣ ਤੱਕ ਪੰਜਾਬ ਵਿਚ ਕਰੋਨਾ ਵਾਇਰਸ ਦੇ 1,946 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 1,257 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਨੂੰ ਪੰਜਾਬ ਦੇ ਨਾਲ-ਨਾਲ ਤਾਮਿਲਨਾਡੂ ਵਿਚ ਵੀ 939 ਮਰੀਜ਼ ਕਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਉਧਰ ਹੁਣ ਪੰਜਾਬ ਸਰਕਾਰ ਵੱਲ਼ੋਂ 18 ਮਈ ਤੋਂ ਪੰਜਾਬ ਵਿਚ ਕਰਫ਼ਿਊ ਹਟਾਉਂਣ ਦਾ ਫ਼ੈਸਲਾ ਕੀਤਾ ਗਿਆ ਹੈ, ਪਰ ਸੂਬੇ ਵਿਚ ਲੌਕਡਾਊਨ 31 ਮਈ ਤੱਕ ਜ਼ਾਰੀ ਰਹੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਦੇ ਮਾਮਲੇ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਕੋਲੋਂ ਸੁਝਾਅ ਮੰਗੇ ਗਏ ਸਨ। ਹੁਣ ਕੈਪਟਨ ਸਰਕਾਰ ਵੱਲੋਂ 18 ਮਈ ਤੋਂ ਲੌਕਡਾਊਨ ਦੇ ਚੋਥੇ ਪੜਾਅ ਨੂੰ ਕੁਝ ਛੂਟਾਂ ਦੇ ਨਾਲ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ।