Migrant worker wearing : ਲੌਕਡਾਊਨ ਕਾਰਨ ਬਹੁਤ ਸਾਰੇ ਮਜ਼ਦੂਰ ਆਪਣੇ ਘਰਾਂ ਨੂੰ ਪੈਦਲ ਜਾਣ ਲਈ ਮਜਬੂਰ ਹੈ। ਭਾਵੇਂ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਘਰ ਪਹੁੰਚਾਉਣ ਦੇ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਅਜੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ। ਜਿਸ ਕਾਰਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਭਾਵੇਂ ਸਰਕਾਰ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਕੁਝ ਗੱਡੀਆਂ ਵੀ ਚਲਾਈਆਂ ਗਈਆਂ ਹਨ ਪਰ ਫਿਰ ਵੀ ਮਜ਼ਦੂਰਾਂ ਦੀ ਗਿਣਤੀ ਇੰਨੀ ਜਿਆਦਾ ਹੈ ਕਿ ਇਸ ਕੰਮ ਲਈ ਬਹੁਤ ਸਮਾਂ ਲੱਗ ਰਿਹਾ ਹੈ। ਅਜਿਹੀ ਸਥਿਤੀ ਵਿਚ ਸੰਗਰੂਰ ਪੁਲਿਸ ਵਲੋਂ ਇਕ ਅਨੋਖੀ ਪਹਿਲ ਕੀਤੀ ਗਈ ਹੈ ਜਿਸ ਅਧੀਨ ਯੂ. ਪੀ. ਦੇ ਸਾਮਲੀ ਜਿਲ੍ਹੇ ਦੀ ਇਕ ਪ੍ਰਵਾਸੀ ਮਜ਼ਦੂਰ ਆਸ਼ੂ ਉਪਾਧਿਆਏ ਨੂੰ ਪੁਲਿਸ ਦੀ ਖਾਕੀ ਵਰਦੀ ਪੁਆ ਕੇ ਜਿਥੇ ਪ੍ਰਵਾਸੀ ਮਜ਼ਦੂਰਾਂ ਦਾ ਮਾਣ ਵਧਾਇਆ ਗਿਆ ਉਥੇ ਦੂਜੇ ਪਾਸੇ ਇਸ ਪ੍ਰਵਾਸੀ ਮਜ਼ਦੂਰ ਜ਼ਰੀਏ ਹੋਰਨਾਂ ਮਜ਼ਦੂਰਾਂ ਨੂੰ ਵੀ ਅਪੀਲ ਕੀਤੀ ਗਈ ਹੈ।
ਯੂ. ਪੀ. ਦੀ ਰਹਿਣ ਵਾਲੀ ਆਸ਼ੂ ਆਪਣੇ ਸਾਥੀ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕਰ ਰਹੀ ਹੈ ਕਿ ਹੁਣ ਪੰਜਾਬ ਵਿਚ ਦੁਬਾਰਾ ਤੋਂ ਫੈਕਟਰੀਆਂ ਖੁੱਲ੍ਹਣ ਵਾਲੀਆਂ ਹਨ। ਹੁਣ ਉਹ ਦੁਬਾਰਾ ਕੰਮ ਕਰਕੇ ਆਪਣੀ ਰੋਜੀ ਰੋਟੀ ਕਮਾ ਸਕਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਹੁਣ ਉਹ ਇਥੇ ਹੀ ਰੁਕ ਜਾਣ ਕਿਉਂਕਿ ਰੋਜ਼ਗਾਰ ਲਈ ਹੀ ਉਹ ਇਥੇ ਪੰਜਾਬ ਵਿਚ ਆਏ ਸਨ। ਫਿਰ ਵੀ ਜੇਕਰ ਕੋਈ ਪ੍ਰਵਾਸੀ ਮਜ਼ਦੂਰ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਹੈ ਤਾਂ ਉਹ ਸਰਕਾਰ ਵਲੋਂ ਚਲਾਈਆਂ ਗਈਆਂ ਗੱਡੀਆਂ ਵਿਚ ਹੀ ਜਾਣ ਤਾਂ ਜੋ ਉਨ੍ਹਾਂ ਦੀ ਜਾਨ ਦਾ ਖਤਰਾ ਘੱਟ ਹੋਵੇ। ਆਸ਼ੂ ਉਪਾਧਿਆਏ ਵਲੋਂ ਖਾਕੀ ਵਰਦੀ ਪਾ ਕੇ ਲੋਕਾਂ ਨੂੰ ਮਾਸਕ ਵੰਡੇ ਜਾ ਰਹੇ ਹਨ। ਪ੍ਰਸ਼ਾਸਨ ਵਲੋਂ ਵੀ ਵਾਰ-ਵਾਰ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਜਾਨ ਨੂੰ ਜੋਖਿਮ ਵਿਚ ਪਾ ਕੇ ਆਪਣੇ ਘਰਾਂ ਨੂੰ ਵਾਪਸ ਨਾ ਜਾਣ। ਪੰਜਾਬ ਸਰਕਾਰ ਵਲੋਂ ਕਰਫਿਊ ਨੂੰ 18 ਮਈ ਤੋਂ ਬਾਅਦ ਖਤਮ ਕਰ ਦਿੱਤਾ ਜਾਵੇਗਾ ਜਦੋਂਕਿ ਲੌਕਡਾਊਨ 31 ਮਈ ਤਕ ਜਾਰੀ ਰਹੇਗਾ।