The second case of car : ਜਲੰਧਰ ਵਿਖੇ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਨੌਜਵਾਨ ਵਲੋਂ ਪੁਲਿਸ ਵਾਲੇ ‘ਤੇ ਕਾਰ ਚੜ੍ਹਾ ਦਿੱਤੀ ਗਈ। ਬੀਤੀ ਰਾਤ ਹੁਸ਼ਿਆਰਪੁਰ ਹਾਈਵੇ ਦੇ ਪਿੰਡ ਹਜਾਰਾ ਵਿਖੇ ਪੁਲਿਸ ਵਲੋਂ ਲੌਕਡਾਊਨ ਕਾਰਨ ਨਾਕਾ ਲਗਾਇਆ ਗਿਆ ਸੀ। ਪਰ ਇਸ ਦੌਰਾਨ ਇਕ ਨੌਜਵਾਨ ਵਲੋਂ ਨਾਕੇ ‘ਤੇ ਤਾਇਨਾਤ ASI ‘ਤੇ ਕਾਰ ਚੜ੍ਹਾ ਦਿੱਤੀ। ਇਸ ਤੋਂ ਪਹਿਲਾਂ ਵੀ ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿਚ ਰਹਿਣ ਵਾਲੇ ਇਕ ਅਮੀਰਜ਼ਾਦੇ ਨੇ ਇਸੇ ਤਰ੍ਹਾਂ ਏ. ਐੱਸ. ਆਈ. ‘ਤੇ ਕਾਰ ਚੜ੍ਹਾ ਦਿੱਤੀ ਸੀ, ਜਿਸ ਨੂੰ ਉਸ ਸਮੇਂ ਤਾਂ ਗ੍ਰਿਫਤਾਰ ਕਰ ਲਿਆ ਗਿਆ ਪਰ ਬਾਅਦ ਵਿਚ ਉਸ ਨੂੰ ਛੱਡ ਦਿੱਤਾ ਗਿਆ।
ਬੀਤੀ ਰਾਤ ਹੋਏ ਹਾਦਸੇ ਵਿਚ ਏ. ਐੱਸ. ਆਈ. ਬਲਬੀਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਸ ਨੂੰ ਉਸ ਦੇ ਸਾਥੀ ਮੁਲਾਜ਼ਮਾਂ ਵਲੋਂ ਜੌਹਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਬਲਬੀਰ ਸਿੰਘ ਦੇ ਸਿਰ ‘ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਪਰ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਏ. ਐੱਸ. ਆਈ. ਦਾ ਹਾਲਚਾਲ ਪੁੱਛਣ ਲਈ ਥਾਣਾ ਮੁਖੀ ਪਤਾਰਾ ਵੀ ਹਸਪਤਾਲ ਪੁੱਜੇ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਕਲ ਰਾਤ ਬਲਬੀਰ ਸਿੰਘ ਜਦੋਂ ਨਾਕੇ ‘ਤੇ ਖੜ੍ਹੇ ਸਨ ਤਾਂ ਇਕ ਤੇਜ਼ ਰਫਤਾਰ ਕਾਰ ਰਾਮਾ ਮੰਡੀ ਵਾਲੇ ਪਾਸੇ ਤੋਂ ਆਈ ਜਿਸ ਨੂੰ ਬਲਰਾਜ ਸਿੰਘ ਪੁੱਤਰ ਮਨੋਹਰ ਸਿੰਘ ਚਲਾ ਰਿਹਾ ਸੀ। ਬਲਰਾਜ ਸਿੰਘ ਪਿੰਡ ਦੂਹੜੇ ਦਾ ਰਹਿਣ ਵਾਲਾ ਹੈ। ਬਲਰਾਜ ਸਿੰਘ ਨੇ ਪਹਿਲਾਂ ਤਾਂ ਕਾਰ ਬੈਰੀਕੇਡਾਂ ‘ਤੇ ਚੜ੍ਹਾ ਦਿੱਤੀ ਤੇ ਫਿਰ ਇਸ ਤੋਂ ਬਾਅਦ ਏ. ਐੱਸ. ਆਈ. ਨੂੰ ਵੀ ਫੱਟੜ ਕਰ ਦਿੱਤਾ। ਉਸ ਖਿਲਾਫ ਧਾਰਾ 279, 337, 338, 188, 269 ਅਤੇ 279 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਕਾਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।