2 year old girl found Corona : ਲੁਧਿਆਣਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਲੁਧਿਆਣਾ ਵਿਚ ਇਕ ਦੋ ਸਾਲ ਦੀ ਬੱਚੀ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਸੋਮਵਾਰ ਸਵੇਰੇ ਦਸ ਵਜੇ ਦੇ ਲਗਭਗ ਬੱਚੀ ਨੂੰ ਗੰਭੀਰ ਹਾਲਤ ਵਿਚ ਡੀਐਮਸੀਐਚ ਦੀ ਐਮਰਜੈਂਸੀ ਵਿਚ ਦਾਖਲ ਕਰਵਾਇਆ ਗਿਆ ਸੀ। ਉਥੇ ਜਾਂਚ ਵਿਚ ਪਤਾ ਲੱਗਾ ਕਿ ਬੱਚੀ ਦੀਆੰ ਅੰਤੜੀਆਂ ਵਿਚ ਰੁਕਾਵਟ ਹੈ। ਡਾਕਟਰਾਂ ਨੇ ਬੱਚੀ ਦੀ ਜਾਨ ਬਚਾਉਣ ਲਈ ਰਿਸਕ ਲੈਂਦੇ ਹੋਏ ਸਰਜਰੀ ਕਰਨ ਦਾ ਫੈਸਲਾ ਕੀਤਾ। ਬੱਚੀ ਦੇ ਕੋਰੋਨਾ ਟੈਸਟ ਦੇ ਸੈਂਪਲ ਲੈ ਲਏ ਗਏ ਸਨ ਪਰ ਹਾਲਤ ਗੰਭੀਰ ਹੋਣ ਕਰਕੇ ਉਸ ਦੀ ਰਿਪੋਰਟ ਦੀ ਉਡੀਕ ਕੀਤੇ ਬਗੈਰ ਡਾਕਟਰਾਂ ਵੱਲੋਂ ਉਸ ਦੀ ਸਰਜਰੀ ਕਰ ਦਿੱਤੀ ਗਈ, ਹਾਲਾਂਕਿ ਇਸ ਦੌਰਾਨ ਕੋਵਿਡ-19 ਦੇ ਮੱਦੇਨਜ਼ਰ ਪੂਰਾ ਅਹਿਤਿਆਤ ਵਰਤਿਆ ਗਿਆ। ਸਰਜਰੀ ਹੋਣ ਤੋਂ ਪੰਜ ਘੰਟੇ ਬਾਅਦ ਬੱਚੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ। ਇਸ ਦੌਰਾਨ ਬੱਚੀ ਦੇ ਸੰਪਰਕ ਵਿਚ ਆਉਣ ਵਾਲੇ ਐਨਾਥੀਸੀਆ, ਬਚਿਆਂ ਦੇ ਰੋਗ ਮਾਹਰ ਸਣੇ 35 ਮੈਡੀਕਲ ਸਟਾਫ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਸੋਮਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਤਿੰਨ ਲੋਕ ਸਿਹਤ ਵਿਭਾਗ ਦੀ ਟੀਮ ਨੂੰ ਨਹੀਂ ਮਿਲ ਰਹੇ। ਸਿਹਤ ਵਿਭਾਗ ਨੇ ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਅਨਟ੍ਰੇਸੇਬਲ ਐਲਾਨ ਦਿੱਤਾ ਹੈ। ਇਨ੍ਹਾਂ ਵਿਚ ਇਕ ਪ੍ਰੇਮ ਵਿਹਾਰ ਦਾ ਰਹਿਣ ਵਾਲਾ 18 ਸਾਲਾ ਨੌਜਵਾਨ, ਦੂਸਰਾ ਸ਼ਾਹੀ ਬਾਗ ਗਲੀ ਨੰਬਰ 11 ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਤੇ ਇਕ ਹੋਰ ਸ਼ਾਮਲ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਾ ਕਿ ਤਿੰਨੋਂ ਪਾਜ਼ੀਟਿਵ ਲੋਕਾਂ ਦੇ ਸੰਪਰਕ ਨੰਬਰ ਗਲਤ ਆਉਣ ਕਾਰਨ ਇਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ।
ਸ਼ਹਿਰ ਵਿਚ ਇਕ 27 ਸਾਲਾ ਨੌਜਵਾਨ ਦੀ ਮੌਤ ਤੋਂ ਬਾਅਦ ਉਸ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਸਿਹਤ ਅਧਿਕਾਰੀਆਂ ਮੁਤਾਬਕ 16 ਮਈ ਨੂੰ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਸੀ, ਜਦੋਂਕਿ 18 ਮਈ ਨੂੰ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਿਵਲ ਸਰਜਨ ਮੁਤਾਬਕ ਹੁਣ ਤੱਕ 5078 ਵਿਅਕਤੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਸ ਵਿਚ 4724 ਦੀ ਰਿਪੋਰਟ ਆ ਚੁੱਕੀ ਹੈ। ਇਨ੍ਹਾਂ ਵਿਚੋਂ 4471 ਵਿਅਕਤੀਆਂ ਦੇ ਟੈਸਟ ਨੈਗੇਟਿਵ ਪਾਏ ਗਏ ਹਨ ਤੇ 125 ਮਰੀਜ਼ ਠੀਕ ਹੋ ਕੇ ਵਾਪਿਸ ਜਾ ਚੁੱਕੇ ਹਨ। ਹੁਣ ਤੱਕ ਜ਼ਿਲੇ ਵਿਚ 176 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ।