Corona Positive reported a young : ਲੁਧਿਆਣਾ ਵਿਖੇ ਸ਼ਨੀਵਾਰ ਨੂੰ ਇਕ 27 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ, ਜਿਸ ਦੀ ਰਿਪੋਰਟ ਮੰਗਲਵਾਰ ਨੂੰ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਸਥਾਨਕ ਥਾਣਾ ਸਲੇਮ ਟਾਬਰੀ ਦੇ ਇਲਾਕੇ ਭੱਟੀਆਂ ਬੇਟ ਦੀ ਗਗਨਦੀਪ ਕਾਲੋਨੀ ਵਿਚ ਰਹਿਣ ਵਾਲੇ ਇਸ ਨੌਜਵਾਨ ਦੀ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਇਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਸੀ ਅਤੇ ਉਸ ਦੇ ਕੋਰੋਨਾ ਟੈਸਟ ਲਈ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਸਨ। ਉਸ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।ਇਸ ਦੀ ਪੁਸ਼ਟੀ ਸਿਵਲ ਹਸਪਤਾਲ ਦੀ ਡਾਕਟਰ ਗੀਤਾ ਕਟਾਰੀਆ ਵਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮ੍ਰਿਤਕ ਦੇ ਸੰਪਰਕ ਵਿਚ ਆਏ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਅੱਜ ਸ਼ਹਿਰ ਵਿਚ ਇਕ 2 ਸਾਲਾ ਬੱਚੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਦੀ ਡੀਐਮਸੀਐਚ ਹਸਪਤਾਲ ਵਿਚ ਸਰਜਰੀ ਕੀਤੀ ਗਈ ਸੀ ਤੇ ਉਸ ਦੇ ਕੋਰੋਨਾ ਟੈਸਟ ਲਈ ਸੈਂਪਲ ਜਾਂਚ ਲਈ ਭੇਜੇ ਗਏ ਸਨ। ਸਰਜਰੀ ਹੋਣ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਜਿਸ ਦੇ ਚੱਲਦਿਆਂ ਬੱਚੀ ਦੇ ਸੰਪਰਕ ਵਿਚ ਆਉਣ ਵਾਲੇ ਐਨਾਥੀਸੀਆ, ਬਚਿਆਂ ਦੇ ਰੋਗ ਮਾਹਰ ਸਣੇ 35 ਮੈਡੀਕਲ ਸਟਾਫ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਰਪੀਐਫ ਜਵਾਨਾਂ ਦੇ ਸੰਪਰਕ ਵਿਚ ਆਏ ਤਿੰਨ ਮਰੀਜ਼ਾਂ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਅਜੇ ਤੱਕ ਉਨ੍ਹਾਂ ਦਾ ਪਤਾ ਨਹੀਂ ਲਗ ਸਕਿਆ ਹੈ।
ਜ਼ਿਕਰਯੋਗ ਹੈ ਕਿ ਸਥਾਨਕ ਬ੍ਰੋਸਟਲ ਜੇਲ ਵਿਚ 6 ਕੈਦੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਇਨ੍ਹਾਂ ਮਰੀਜ਼ਾਂ ਦੇ ਨਾਲ ਰਖੇ 44 ਕੈਦੀਆਂ ਦੇ ਟੈਸਟ ਜਾਂਚ ਲਈ ਭੇਜਣ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਜੇਲ ਦੀਆਂ ਕੁਆਰੰਟਾਈਨ ਬੈਰਕਾਂ ਵਿਚ ਕੈਦੀਆਂ ਦੀ ਕੁਲ ਗਿਣਤੀ 354 ਹੋ ਗਈ ਹੈ। ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ੀਟਿਵ ਕੈਦੀਆਂ ਦੇ ਬੈਰਕ ਵਿਚ ਰਹਿਣ ਵਾਲੇ ਜਿਨ੍ਹਾਂ ਨੂੰ ਜ਼ਮਾਨਤ ਮਿਲਣ ’ਤੇ ਰਿਹਾਅ ਕੀਤਾ ਜਾ ਚੁੱਕਾ ਹੈ, ਉਨ੍ਹਾਂ ਦੀ ਰਿਹਾਈ ਵਾਰੰਟ ਚੈੱਕ ਕੀਤੇ ਜਾ ਰਹੇ ਹਨ ਤਾਂਕਿ ਮੈਡੀਕਲ ਟੀਮ ਉਨ੍ਹਾਂ ਦੇ ਟੈਸਟ ਸੈਂਪਲ ਲੈ ਕੇ 14 ਦਿਨ ਲਈ ਹੋਮ ਕੁਆਰੰਟਾਈਨ ਕੀਤਾ ਜਾ ਸਕੇ।