Two Assistant Police Officers : ਮੋਗਾ ਵਿਖੇ 2007 ਵਿਚ ਸਾਹਮਣੇ ਆਏ ਸੈਕਸ ਸਕੈਂਡਲ ਮਾਮਲੇ ਵਿਚ ਗ੍ਰਿਫਤਾਰ ਥਾਣਾ ਨਿਹਾਲ ਸਿੰਘ ਵਾਲਾ ਦੇ ਦੋ ਸਹਾਇਕ ਥਾਣੇਦਾਰਾਂ ਨੂੰ ਜ਼ਿਲਾ ਪੁਲਿਸ ਮੁਖੀ ਵੱਲੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਸੈਕਸ ਰੈਕੇਟ ਵਿਚ ਸ਼ਾਮਲ ਦੋ ਸਹਾਇਕ ਥਾਣੇਦਾਰਾਂ ਚਮਕੌਰ ਸਿੰਘ ਅਤੇ ਦਰਸ਼ਨ ਸਿੰਘ ਤੋਂ ਇਲਾਵਾ ਦੋਵੇਂ ਔਰਤਾਂ ਜਸਵੰਤ ਕੌਰ ਅਤੇ ਸੀਮਾ ਰਾਣੀ ਤੇ ਇਕ ਹੋਰ ਵਿਅਕਤੀ ਹਰਜਿੰਦਰ ਸਿੰਘ ਨੂੰ ਅੱਜ ਡੀਐਸਪੀ ਮਨਜੀਤ ਸਿੰਘ ਢੇਸੀ ਅਤੇ ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਅਤੇ ਵਧੀਕ ਥਾਣਾ ਮੁਖੀ ਬੇਅੰਤ ਸਿੰਘ ਭੱਟੀ ਦੀ ਅਗਵਾਈ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਇਨ੍ਹਾਂ ਨੂੰ ਅਦਾਲਤ ਵੱਲੋਂ ਜੁਡੀਸ਼ੀਅਲ ਹਿਰਾਸਤ ’ਚ ਬਰਨਾਲਾ ਜੇਲ ਵਿਚ ਭੇਜ ਦਿੱਤਾ ਗਿਆ।
ਇਸ ਮੌਕੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਸੈਕਸ ਰੈਕੇਟ ਨੂੰ ਚਲਾਉਣ ਵਾਲੇ ਪੰਜਾਂ ਵਿਅਕਤੀਆਂ ਪਾਸੋਂ ਪੁਲਿਸ ਰਿਮਾਂਡ ਦੌਰਾਨ ਦੋ ਗੱਡੀਆਂ, 1,28,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਪਿੰਡ ਬਿਲਾਸਪੁਰ ਅਤੇ ਪੱਤੋ ਹੀਰਾ ਸਿੰਘ ਦੇ 2 ਵਿਅਕਤੀਆਂ ਕੋਲੋਂ ਵੀ ਇਨ੍ਹਾਂ ਨੇ ਇਕ ਲੱਖ ਅਤੇ 70 ਹਜ਼ਾਰ ਰੁਪਏ ਲਏ ਹਨ। ਇਸ ਮੌਕੇ ਡੀਐਸਪੀ ਨੇ ਦੱਸਿਆ ਪੁਲਿਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੈਕਸ ਰੈਕੇਟ ਵਿਚ ਸ਼ਾਮਲ ਦੋਵੇਂ ਸਹਾਇਕ ਥਾਣੇਦਾਰਾਂ ਨੂੰ ਪੁਲਿਸ ਵਿਭਾਗ ਵਿਚੋਂ ਡਿਸਮਿਸ ਕਰ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਧੰਦੇ ਕਰਨ ਵਾਲੇ ਵਿਅਕਤੀਆਂ ਖਿਲਾਫ ਜਿਥੇ ਪੁਲਿਸ ਵਿਭਾਗ ਆਪਣੇ ਵੱਲੋਂ ਪੂਰੀ ਸਖਤੀ ਨਾਲ ਨਜਿੱਠਣ ਲਈ ਤਿਆਰ ਹੈ, ਉਥੇ ਲੋਕ ਵੀ ਅਜਿਹੇ ਧੰਦੇ ਕਰਨ ਵਾਲਿਆਂ ਖਿਲਾਫ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਦੱਸਣਯੋਗ ਹੈ ਕਿ ਇਸ ਵੱਡੇ ਸੈਕਸ ਸਕੈਂਡਲ ਦਾ ਖੁਲਾਸਾ 2007 ਵਿਚ ਮੋਗਾ ਵਿਚ ਹੋਇਆ ਸੀ, ਜਿਸ ਵਿਚ ਸੀਨੀਅਰ ਪੁਲਿਸ ਅਫਸਰ ਅਤੇ ਵੱਡੇ ਸਿਆਸੀ ਆਗੂਆਂ ਦੀ ਸ਼ਮੂਲੀਅਤ ਪਾਈ ਗਈ ਸੀ। ਇਸ ਦੀ ਸੀ. ਬੀ. ਆਈ. ਵਲੋਂ ਅਜੇ ਵੀ ਜਾਂਚ ਜਾਰੀ ਹੈ।