Punjab Government Committed: ਜਲੰਧਰ: ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਮਾਜ ਦੇ ਹਰ ਵਰਗਾਂ ਖਾਸ ਕਰਕੇ ਵਾਲਮਿਕੀ/ਮਜ਼੍ਹਬੀ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਵਾਲਮਿਕੀ ਆਸ਼ਰਮ ਪਿੰਡ ਰਹੀਮਪੁਰ ਦੇ ਬਾਬਾ ਪਰਗਟ ਨਾਥ ਦੀ ਅਗਵਾਈ ਵਾਲੇ ਵਫਦ ਵਲੋਂ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੇ ਦਫਤਰ ਵਿਖੇ ਗੁਰੂ ਗਿਆਨ ਨਾਥ ਆਸ਼ਰਮ ਵਾਲਮਿਕਿ ਤੀਰਥ ਅੰਮ੍ਰਿਤਸਰ ਖਿਲਾਫ਼ ਦਰਜ ਹੋਈ ਐਫ.ਆਈ.ਆਰ ਦੀ ਉਚ ਪੱਧਰੀ ਜਾਂਚ ਸਬੰਧੀ ਮੈਮੋਰੈਂਡੰਮ ਸੌਂਪਿਆ ਗਿਆ। ਇਸ ਸਮੇਂ ਸ੍ਰੀ ਸ਼ਰਮਾ ਦੇ ਨਾਲ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਬਲਕਾਰ ਸਿੰਘ ਵੀ ਮੌਜੂਦ ਸਨ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਮਾਜ ਵਿੱਚ ਆਪਸੀ ਪਿਆਰ ਨੂੰ ਮਜ਼ਬੂਤ ਕੀਤਾ ਗਿਆ ਹੈ।
ਇਸ ਮੌਕੇ ਬਾਬਾ ਪਰਗਟ ਨਾਥ ਜੀ, ਸ੍ਰੀ ਅਮਰਜੀਤ ਸਿੰਘ ਈਦਾ, ਸ੍ਰੀ ਸੰਤੋਖ ਸਿੰਘ ਘਾਰੂ, ਸ੍ਰੀ ਸਤਨਾਮ ਸਿੰਘ ਅਤੇ ਹੋਰਨਾਂ ਵਲੋਂ ਮੈਮੋਰੈਂਡੰਮ ਸੌਂਪਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਸ ਮਾਮਲੇ ਦੀ ਉਚ ਪੱਧਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਸ਼ਰਮ ਭਾਈਚਾਰੇ ਵਿੱਚ ਧਾਰਮਿਕ ਗਤੀਵਿਧੀਆਂ ਲਈ ਬਹੁਤ ਹੀ ਸਤਿਕਾਰਤ ਹੈ ਅਤੇ ਇਸ ਨੂੰ ਬਦਨਾਮ ਕਰਨ ਦੀਆਂ ਅਜਿਹੀਆਂ ਘਟਨਾਵਾਂ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਆਸ਼ਰਮ ਖਿਲਾਫ਼ ਦਰਜ ਹੋਈ ਐਫ.ਆਈ.ਆਰ.ਨੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਸੂਬਾ ਸਰਕਾਰ ਨੂੰ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਕੇ ਭਾਈਚਾਰੇ ਨੂੰ ਨਿਆਂ ਦੁਆਉਣਾ ਚਾਹੀਦਾ ਹੈ। ਇਸੇ ਤਰ੍ਹਾਂ ਸਿਟੀ ਵਾਲਮਿਕੀ ਸਭਾ ਦੇ ਵਫ਼ਦ ਵਲੋਂ ਪ੍ਰਧਾਨ ਸ੍ਰੀ ਅਮ੍ਰਿਤ ਖੋਸਲਾ ਦੀ ਅਗਵਾਈ ਵਿਚ ਅਤੇ ਵਾਲਮੀਕਣ ਅਧਿਵਾਸੀ ਧਰਮ ਸਮਾਜ ਵਲੋਂ ਸ੍ਰੀ ਸਚਿਨ ਰਾਵਨ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਨੂੰ ਆਸ਼ਰਮ ਦੇ ਧਾਰਮਿਕ ਆਗੂ ਖਿਲਾਫ਼ ਦਰਜ ਐਫ.ਆਰ.ਆਈ.ਨੂੰ ਰੱਦ ਕਰਨ ਸਬੰਧੀ ਮੈਮੋਰੈਂਡੰਮ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਫ਼ਦਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਿਆਂ ਭਰੋਸਾ ਦੁਆਇਆ ਗਿਆ ਕਿ ਸਾਰਾ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਭਾਈਚਾਰੇ ਲਈ ਹਰ ਹਾਲਤ ਵਿੱਚ ਨਿਆਂ ਨੂੰ ਯਕੀਨੀ ਬਣਾਇਆ ਜਾਵੇਗਾ।