Punjab Police beat journalist : ਮੋਹਾਲੀ ਵਿਖੇ ਬੀਤੇ ਦਿਨ ਪੁਲਿਸ ਵਾਲਿਆਂ ਵੱਲੋਂ ਇਕ ਅਖਬਾਰ ਦੇ ਪੱਤਰਕਾਰ ਨਾਲ ਬਦਸਲੂਕੀ ਕਰਦਿਆਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਪੱਤਰਕਾਰ ਮੇਜਰ ਸਿੰਘ ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਜਦੋਂ ਉਹ ਗੁਰਦੁਆਰਾ ਸਹਿਬ ‘ਚ ਕਿਸੇ ਮਸਲੇ ਦੀ ਕਵਰੇਜ ਕਰ ਰਿਹਾ ਸੀ ਤਾਂ ਏਐੱਸਆਈ ਓਮ ਪ੍ਰਕਾਸ਼ ਵੱਲੋਂ ਉਸ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਗਾਲੀ-ਗਲੋਚ ਕੀਤਾ ਗਿਆ ਅਤੇ ਉਸ ਨਾਲ ਧੱਕਾਮੁੱਕੀ ਵੀ ਕੀਤੀ ਗਈ।
ਉਸ ਤੋਂ ਬਾਅਦ ਉਸ ਨੂੰ ਗੱਡੀ ‘ਚ ਬਿਠਾ ਕੇ ਥਣੇ ਲਿਆਂਦਾ ਗਿਆ ਅਤੇ ਗੱਡੀ ‘ਚੋਂ ਉਤਰਦੇ ਸਾਰ ਹੀ ਏਐੱਸਆਈ ਓਮ ਪ੍ਰਕਾਸ਼ ਵੱਲੋਂ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਅਤੇ ਉਸ ਦੀ ਪੱਗ ਲਾ ਦਿੱਤੀ ਅਤੇ ਉਸ ਦੇ ਕੰਘੇ ਦੀ ਬੇਅਦਬੀ ਕੀਤੀ ਗਈ ਅਤੇ ਉਸ ਦੀ ਇੱਕ ਨਾ ਸੁਣੀ ਗਈ। ਅੱਗੇ ਉਨ੍ਹਾਂ ਦੱਸਿਆ ਕਿ ਜਦੋਂ ਉਸ ਨੂੰ ਹਵਾਲਾਤ ‘ਚ ਲਿਜਾ ਕੇ ਸੁੱਟਿਆ ਗਿਆ ਤਾਂ ਇੱਕ ਹੋਰ ਪੁਲਿਸ ਮੁਲਾਜ਼ਮ ਐਸਐੱਚਓ ਮਨਸੂਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਆ ਕੇ ਉਸ ਨੂੰ ਹਵਾਲਾਤ ‘ਚੋਂ ਬਾਹਰ ਕੱਢਿਆ ਅਤੇ ਦਸਤਾਰ ਦਿੱਤੀ ਅਤੇ ਹਲਦੀ ਵਾਲਾ ਦੁੱਧ ਵੀ ਪਿਲਾਇਆ ਅਤੇ ਏਐੱਸਆਈ ਓਮ ਪ੍ਰਕਾਸ਼ ਨੂੰ ਝਿੜਕਿਆ ਵੀ ਉਸ ਤੋਂ ਬਾਅਦ ਉੱਥੇ ਥਾਣੇ ‘ਚ ਐਸਪੀ ਮੈਡਮ ਵੀ ਆਏ ਜਿਨ੍ਹਾਂ ਨੇ ਉਸ ਨੂੰ ਬਿਨਾਂ ਪੱਖਪਾਤ ਦੇ ਪੂਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਜਿਸ ਤੋਂ ਬਾਅਦ ਪੱਤਰਕਾਰ ਮੇਜਰ ਸਿੰਘ ਵੱਲੋਂ ਪੁਲਿਸ ਮੁਲਜ਼ਮਾਂ ਖਿਲਾਫ ਧਰਮਿਕ ਭਾਵਨਾਵਾਂ ਭੜਕਾਉਣ ਅਤੇ ਕਕਾਰਾਂ ਦੀ ਬੇਅਦਬੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਜਿਸ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਸਖਤ ਨਿੰਦਿਆ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਜਦੋਂ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਪੁਲਿਸ ਨਾਲ ਸਬੰਧਿਤ ਕੋਈ ਵੀ ਕਵਰੇਜ ਨਹੀਂ ਕੀਤੀ ਜਾਵੇਗੀ। ਇਨ੍ਹਾਂ ਦੋਹਾਂ ਏਐਸਆਈਜ਼ ਨੂੰ ਡਿਊਟੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੋਹਾਂ ਏਐਸਆਈ ਦੇ ਖਿਲਾਫ ਵਿਭਾਗੀ ਜਾਂਚ ਵੀ ਕੀਤੀ ਜਾਵੇਗੀ। ਏਡੀਸੀ ਆਸ਼ਿਕਾ ਜੈਨ ਨੇ ਇਸ ਮਾਮਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਮੈਜਿਸਟ੍ਰੇਟੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ।