U.S. adding Chinese companies: ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਲੜਾਈ ਅਤੇ ਵੱਧ ਰਹੇ ਤਣਾਅ ਵਿਚਾਲੇ ਅਮਰੀਕਾ ਨੇ ਚੀਨ ਨੂੰ ਝਟਕਾ ਦਿੱਤਾ ਹੈ । ਅਮਰੀਕਾ ਨੇ ਚੀਨ ਦੀਆਂ 33 ਕੰਪਨੀਆਂ ਅਤੇ ਹੋਰ ਸੰਸਥਾਵਾਂ ਨੂੰ ਆਰਥਿਕ ਬਲੈਕਲਿਸਟ ਵਿੱਚ ਪਾਉਣ ਦਾ ਫੈਸਲਾ ਕੀਤਾ ਹੈ । ਇੱਕ ਰਿਪੋਰਟ ਅਨੁਸਾਰ ਅਮਰੀਕਾ ਦੇ ਵਣਜ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ 33 ਚੀਨੀ ਕੰਪਨੀਆਂ ਅਤੇ ਹੋਰ ਸੰਸਥਾਵਾਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ 33 ਚੀਨੀ ਕੰਪਨੀਆਂ ਅਤੇ ਹੋਰ ਸੰਸਥਾਵਾਂ ਨੂੰ ਬਲੈਕਲਿਸਟ ਵਿੱਚ ਪਾਇਆ ਜਾ ਰਿਹਾ ਹੈ ।
ਅਮਰੀਕਾ ਦੇ ਵਣਜ ਵਿਭਾਗ ਅਨੁਸਾਰ ਚੀਨ ਵਿੱਚ ਵੀਗਰ ਮੁਸਲਮਾਨਾਂ ਦੇ ਉੱਚ ਤਕਨੀਕ ਦੀ ਨਿਗਰਾਨੀ, ਜਬਰੀ ਕੰਮ ਅਤੇ ਮਨਮਰਜ਼ੀ ਨਾਲ ਲੋਕਾਂ ਨੂੰ ਨਜ਼ਰਬੰਦ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿੱਚ ਹਿੱਸਾ ਲੈਣ ਕਾਰਨ 9 ਕੰਪਨੀਆਂ ‘ਤੇ ਪਾਬੰਦੀ ਲਗਾਈ ਜਾ ਰਹੀ ਹੈ ।
ਇਸ ਤੋਂ ਇਲਾਵਾ ਅਮਰੀਕੀ ਸਰਕਾਰ ਨੇ ਕਿਹਾ ਹੈ ਕਿ 7 ਵਪਾਰਕ ਸੰਸਥਾਵਾਂ ਚੀਨ ਨੂੰ ਹਾਈ-ਟੈਕ ਨਿਗਰਾਨੀ ਲਾਗੂ ਕਰਨ ਵਿੱਚ ਸਹਾਇਤਾ ਕਰ ਰਹੀਆਂ ਹਨ । ਉੱਥੇ ਹੀ ਚੀਨ ਦੀਆਂ 24 ਸਰਕਾਰੀ ਅਤੇ ਵਪਾਰਕ ਸੰਸਥਾਵਾਂ ਨੂੰ ਬਲੈਕਲਿਸਟ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਚੀਨੀ ਸੈਨਾ ਦੇ ਵਿਸ਼ਾਲ ਤਬਾਹੀ ਨਾਲ ਜੁੜੇ ਹਥਿਆਰਾਂ ਅਤੇ ਹੋਰ ਗਤੀਵਿਧੀਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਅਤੇ ਚੀਨ ਇੱਕ ਦੂਜੇ ‘ਤੇ ਦੋਸ਼ ਲਗਾ ਰਹੇ ਹਨ । ਅਮਰੀਕਾ ਦਾ ਕਹਿਣਾ ਹੈ ਕਿ ਚੀਨ ਨੇ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਲੁਕੋਈ ਅਤੇ ਇਸ ਕਾਰਨ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਫੈਲ ਗਈ । ਇਸ ਤੋਂ ਇਲਾਵਾ ਅਮਰੀਕਾ ਵੱਲੋਂ ਵਾਰ-ਵਾਰ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਕੋਰੋਨਾ ਵਾਇਰਸ ਵੁਹਾਨ ਦੀ ਇੱਕ ਲੈਬ ਤੋਂ ਫੈਲਿਆ ਹੈ। ਇਸ ਮੁੱਦੇ ‘ਤੇ ਜਾਂਚ ਦੀ ਵੀ ਗੱਲ ਕੀਤੀ ਗਈ ਸੀ । ਹਾਲਾਂਕਿ, ਚੀਨ ਅਜਿਹੇ ਦੋਸ਼ਾਂ ਨੂੰ ਰੱਦ ਕਰਦਾ ਰਿਹਾ ਹੈ ।