Corona Positive patients found from : ਜਲੰਧਰ ਵਿਖੇ ਬੀਤੇ ਦਿਨ ਸ਼ਹਿਰ ਦੇ ਪੌਸ਼ ਇਲਾਕੇ ਲਾਜਪਤ ਨਗਰ ਤੋਂ ਇਕ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਲਾਜਪਤ ਨਗਰ ਇਲਾਕੇ ਤੋਂ ਸਕ੍ਰੀਨਿੰਗ ਕਰਵਾਉਣ ਲਈ ਆਏ 55 ਸਾਲ ਦੇ ਵਿਅਕਤੀ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਉਸ ਦੀ ਸ਼ਨੀਵਾਰ ਨੂੰ ਆਈ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੀ ਕਿਸੇ ਪੌਸ਼ ਕਾਲੋਨੀ ਵਿਚੋਂ ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਇਆ ਹੈ। ਸਿਹਤ ਵਿਭਾਗ ਵੱਲੋਂ ਮਰੀਜ਼ ਦੇ ਸੰਪਰਕ ਵਿਚ ਆਏ 6 ਵਿਅਕਤੀਆਂ ਨੂੰ ਆਈਸੋਲੇਸ਼ਨ ਵਿਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਲੰਧਰ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 222 ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਲਾਜਪਤ ਨਗਰ ਤੋਂ ਮਿਲਿਆ ਇਹ ਮਰੀਜ਼ ਸਰਕਾਰੀ ਹਸਪਤਾਲ ਦੀ ਬਜਾਏ ਨਿੱਜੀ ਹਸਪਤਾਲ ਵਿਚ ਇਲਾਜ ਕਰਵਾਉਣ ਦਾ ਚਾਹਵਾਨ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਕਿਹਾ ਕਿ 140 ਸੈਂਪਲਾਂ ਦੀ ਸ਼ਨੀਵਾਰ ਨੂੰ ਆਈ ਰਿਪੋਰਟ ਵਿਚ ਲਾਜਪਤ ਨਗਰ ਦੇ ਰਹਿਣ ਵਾਲੇ 55 ਸਾਲ ਦੇ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਰੀਜ਼ ਸਰਕਾਰੀ ਹਸਪਤਾਲ ਜੀ ਬਜਾਏ ਨਿੱਜੀ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਕਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲੇ ਵਿਚੋਂ 144 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। 368 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਦੱਸਣਯੋਗ ਹੈ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲਾਜਪਤ ਨਗਰ ਵਿਚ ਜਾ ਕੇ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਜਾਣਗੇ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਵੀ ਜਲੰਧਰ ਤੋਂ ਮਿਲੇ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਂਪਲ ਲੈਣ ਲਈ ਸਿਹਤ ਵਿਭਾਗ ਨੇ ਸਰਵੇਅ ਸ਼ੁਰੂ ਕਰ ਦਿੱਤਾ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਛੇ ਹੋਰ ਮਰੀਜ਼ਾਂ ਦੇ ਠੀਕ ਹੋਣ ’ਤੇ ਉਨ੍ਹਾਂ ਨੂੰ ਹਸਪਤਾਲ ਭੇਜ ਕੇ ਘਰ ਵਿਚ ਹੀ ਆਈਸੋਲੇਟ ਹੋਣ ਦੀ ਹਿਦਾਇਤ ਦਿੱਤੀ ਗਈ ਹੈ। ਇਸ ਸਮੇਂ ਜ਼ਿਲੇ ਵਿਚ ਕੁਲ 16 ਐਕਟਿਵ ਕੇਸ ਹਨ। 199 ਮਰੀਜ਼ਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਸੱਤ ਦੀ ਮੌਤ ਹੋ ਚੁੱਕੀ ਹੈ।