Another Corona patient confirmed : ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਅਜੇ ਵੀ ਪੰਜਾਬ ਵਿਚ ਵਧਦੀ ਜਾ ਰਹੀ ਹੈ। ਰੋਜ਼ਾਨਾ ਇਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਕਪੂਰਥਲਾ ਤੋਂ ਕੋਰੋਨਾ ਵਾਇਰਸ ਦੇ ਨਵੇਂ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਵਿਚ ਬੇਗੋਵਾਲ ਦੇ ਪਿੰਡ ਜੈਦ ਵਿਚੋਂ 35 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੀ ਜਾਣਕਾਰੀ ਭੁਲੱਥ ਦੇ ਐਸਡੀਐਮ ਵੱਲੋਂ ਦਿੱਤੀ ਗਈ ਹੈ।
ਐਸਡੀਐਮ ਨੇ ਇਸ ਕੋਰੋਨਾ ਮਰੀਜ਼ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਕਤ ਵਿਅਕਤੀ ਮਹਾਰਾਸ਼ਟਰ ਤੋਂ ਵਾਪਸ ਪਰਤਿਆ ਸੀ, ਜਿਸ ਦੇ ਕੋਰੋਨਾ ਟੈਸਟ ਦੇ ਸੈਂਪਲ ਸ਼ਨੀਵਾਰ ਨੂੰ ਲਏ ਗਏ ਸਨ, ਜਿਸ ਦੀ ਅੱਜ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਵੇਂ ਮਾਮਲੇ ਦੇ ਸਾਹਮਣੇ ਆਉਣ ਨਾਲ ਕਪੂਰਥਲਾ ਵਿਚ ਹੁਣ ਪਾਜ਼ੀਟਿਵ ਕੇਸਾਂ ਦਾ ਅੰਕੜਾ 36 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 25 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਕੋਰੋਨਾ ਦੇ ਜ਼ਿਲੇ ਵਿਚ 8 ਐਕਟਿਵ ਕੇਸ ਬਾਕੀ ਹਨ। ਇਸ ਤੋਂ ਇਲਾਵਾ ਜ਼ਿਲੇ ਵਿਚ ਤਿੰਨ ਲੋਕਾਂ ਦੀ ਇਸ ਖਤਰਨਾਕ ਵਾਇਰਸ ਨਾਲ ਜਾਨ ਜਾ ਚੁੱਕੀ ਹੈ।
ਦੱਸਣਯੋਗ ਹੈ ਕਿ ਅਜੇ ਵੀ ਪੰਜਾਬ ਵਿਚ ਇਸ ਦੇ ਮਾਮਲਿਆਂ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ। ਪਿਛਲੇ 24 ਘੰਟੇ ਦੌਰਾਨ ਵੱਖ ਵੱਖ ਜ਼ਿਲ੍ਹਿਆਂ ‘ਚੋਂ 24 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 2060 ਨੂੰ ਪਾਰ ਕਰ ਗਿਆ ਹੈ। ਅੱਜ 28 ਹੋਰ ਮਰੀਜ਼ ਠੀਕ ਵੀ ਹੋਏ ਹਨ ਅਤੇ ਕੁੱਲ ਪਾਜ਼ੇਟਿਵ ਕੇਸਾਂ ਵਿਚੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 1898 ਤੱਕ ਪਹੁੰਚ ਗਈ ਹੈ। ਹੁਣ ਤੱਕ ਕੋਰੋਨਾ ਵਾਇਰਸ ਨਾ ਸੂਬੇ ਵਿਚ 40 ਲੋਕਾਂ ਦੀ ਮੌਤ ਹੋ ਚੁੱਕੀ ਹੈ।