US to Provide $6 Million: ਇਸਲਾਮਾਬਾਦ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ । ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਲਈ ਉਸ ਨੂੰ 60 ਲੱਖ ਡਾਲਰ ਦੇਵੇਗਾ । ਪਾਕਿਸਤਾਨ ਵਿੱਚ ਅਮਰੀਕੀ ਰਾਜਦੂਤ ਪਾਲ ਜੌਨਸ ਨੇ ਸ਼ਨੀਵਾਰ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਅਤੇ ਕਿਹਾ ਕਿ ਇਹ ਰਾਸ਼ੀ ਪਾਕਿਸਤਾਨ ਨੂੰ ਉਹਨਾਂ ਸਿਹਤ ਕਰਮੀਆਂ ਨੂੰ ਹੋਰ ਸਿਖਲਾਈ ਦੇਣ ਵਿੱਚ ਕੰਮ ਆਵੇਗੀ ਜੋ ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ ।
ਇਸ ਨਾਲ ਮੈਡੀਕਲ ਕੇਂਦਰਾਂ ਵਿੱਚ ਕੋਰੋਨਾ ਵਾਇਰਸ ਫੈਲਣ ਤੋਂ ਰੁੱਕ ਜਾਵੇਗਾ । ਇਸ ਤੋਂ ਇਲਾਵਾ ਇਸ ਨਾਲ ਪੀੜਤ ਇਲਾਕਿਆਂ ਵਿੱਚ ਰਹਿਣ ਵਾਲੇ ਪਾਕਿਸਤਾਨੀ ਨਾਗਰਿਕਾਂ ਦੀ ਜਾਂਚ ਦੇ ਲਈ ਮੋਬਾਇਲ ਪ੍ਰਯੋਗਸ਼ਾਲਾ ਵੀ ਬਣਾਈ ਜਾਵੇਗੀ । ਉੱਥੇ ਹੀ ਈਦ ਮੌਕੇ ਜੋਨਸ ਨੇ ਪਾਕਿਸਤਾਨ ਨੂੰ ਈਦ-ਉਲ-ਫਿਤਰ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ ।
ਉਨ੍ਹਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਰਮਜ਼ਾਨ ਦਾ ਮਹੀਨਾ ਪੂਰਾ ਹੋਣ ‘ਤੇ ਮੈਂ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ । ਰਾਜਦੂਤ ਨੇ ਹਾਲ ਹੀ ਵਿੱਚ ਪਾਕਿਸਤਾਨ ਤੋਂ ਪ੍ਰਾਪਤ ਮੈਡੀਕਲ ਸਪਲਾਈ ਦੇ ਲਈ ਇਸਲਾਮਾਬਾਦ ਦਾ ਧੰਨਵਾਦ ਪ੍ਰਗਟ ਕੀਤਾ। ਇਹ ਸਪਲਾਈ ਦੋਹਾਂ ਦੇਸ਼ਾਂ ਦੇ ਵਿਚਾਲੇ ਦੋਸਤੀ ਅਤੇ ਹਿੱਸੇਦਾਰੀ ਦੇ ਪ੍ਰਤੀਕ ਦੇ ਰੂਪ ਦੇ ਵਿੱਚ ਕੀਤੀ ਗਈ ਸੀ।ਦੱਸ ਦਈਏ ਕਿ ਕੋਰੋਨਾ ਵਾਇਰਸ ਨਾਲ ਪਾਕਿਸਤਾਨ ਵਿੱਚ ਹੁਣ ਤੱਕ 1,133 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 54,601 ਲੋਕ ਪੀੜਤ ਹਨ ।