Daljit Singh Cheema demands : ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਤੋਂ ਬੀਜ ਘਪਲੇ ਸਬੰਧੀ ਆਪਣੀ ਚੁੱਪ ਤੋੜਨ ਨੂੰ ਕਿਹਾ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ 11 ਮਈ ਨੂੰ ਇਸ ਸਬੰਧੀ FIR ਦਰਜ ਕੀਤੀ ਗਈ ਸੀ ਅਤੇ ਝੋਨੇ ਦੇ ਬਰੀਡਰ ਬੀਜਾਂ ਦੀਆਂ ਪੀਆਰ-128 ਅਤੇ ਪੀਆਰ-129 ਵੰਨਗੀਆਂ ਲੁਧਿਆਣਾ ਦੇ ਇਕ ਬੀਜ ਸਟੋਰ ਤੋਂ ਬਰਾਮਦ ਕੀਤੀਆਂ ਗਈਆਂ ਸਨ ਪਰ ਇਸ ਤੋਂ ਅੱਗੇ ਮਾਮਲੇ ਦੀ ਜਾਂਚ ਨਹੀਂ ਕੀਤੀ ਗਈ। ਚੀਮਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਇਸ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਸੀ ਤੇ ਕਿਸਾਨਾਂ ਤੋਂ ਨਕਲੀ ਬੀਜ ਦੀਆਂ ਉਚੀਆਂ ਕੀਮਤਾਂ ਵਸੂਲੀਆਂ ਗਈਆਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬੀਜ ਲੁਧਿਆਣੇ ਦੇ ਸਟੋਰ ਤੋਂ ਸਪਲਾਈ ਹੋਏ ਸਨ ਤੇ ਇੰਝ ਵੀ ਲੱਗਦਾ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਮਾਮਲੇ ਵਿਚ ਚੁੱਪੀ ਸਾਧੇ ਬੈਠੇ ਹਨ ਜਿਸ ਕਰਕੇ ਪੁਲਿਸ ਵਲੋਂ ਵੀ ਇਸ ਸਬੰਧੀ ਨਾ ਤਾਂ ਕੋਈ ਕਾਰਵਾਈ ਕੀਤੀ ਗਈ ਤੇ ਨਾ ਹੀ ਕੋਈ ਗ੍ਰਿਫਤਾਰੀ।
ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬੀਜ ਉਤਪਾਦਕ ਦਾ ਵੱਡਾ ਘਪਲਾ ਸਾਹਮਣੇ ਆਇਆ ਹੈ ਤੇ ਇਸ ਘਪਲੇ ਵਿਚ ਕੈਬਨਿਟ ਮੰਤਰੀ ਦੇ ਨਜ਼ਦੀਕੀ ਸਾਥੀ ਦੇ ਸ਼ਾਮਲ ਹੋਣ ਦੀ ਵੀ ਸ਼ੰਕਾ ਹੈ ਤਾਂ ਹੀ ਅਜੇ ਤਕ ਕਿਸੇ ਵੀ ਕਾਰਵਾਈ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮਹਿਕਮਾ ਮੁੱਖ ਮੰਤਰੀ ਕੋਲ ਹੈ ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਇਸ ‘ਤੇ ਕਾਰਵਾਈ ਦੇ ਨਿਰਦੇਸ਼ ਜਾਰੀ ਕਰਨ। ਉਨ੍ਹਾਂ ਦੱਸਿਆ ਕਿ ਇਹ ਨਕਲੀ ਬੀਜ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਵੇਚੇ ਗਏ ਜਦਕਿ ਪੀਏਯੂ ਦੇ ਖੇਤੀ ਕੇਂਦਰਾਂ ‘ਤੇ ਇਹ ਬੀਜ 70 ਰੁਪਏ ਕਿਲੋ ਮਿਲਦੇ ਹਨ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਬੀਜਾਂ ਦਾ ਉਤਪਾਦਨ ਲੋੜੀਂਦੀਆਂ ਮਨਜ਼ੂਰੀਆਂ ਲੈ ਕੇ ਕੀਤਾ ਗਿਆ ਸੀ। ਚੀਮਾ ਨੇ ਤੁਰੰਤ ਕਾਰਵਾਈ ਦੀ ਮੰਗ ਕੀਤੀ।