Corona rage continues in Jalandhar : ਜਲੰਧਰ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਿਰ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਇਕੱਠੇ 6 ਮਾਮਲੇ ਸਾਹਮਣੇ ਆਏ ਹਨ। ਇਸ ਦੀ ਜਾਣਕਾਰੀ ਸਿਹਤ ਵਿਭਾਗ ਵੱਲੋਂ ਦਿੱਤੀ ਗਈ। ਇਸ ਦੇ ਨਾਲ ਹੀ ਹੁਣ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 228 ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਪਾਜ਼ੀਟਿਵ ਆਏ ਮਾਮਲਿਆਂ ਵਿਚੋਂ 5 ਮਾਮਲੇ ਪਿਛਲੇ ਦਿਨੀਂ ਸ਼ਹਿਰ ਵਿਚ ਕੋਰੋਨਾ ਪਾਜ਼ੀਟਿਵ ਮਿਲੇ ਮਰੀਜ਼ ਵਰੁਣ, ਜੋਕਿ ਦਾਦਾ ਕਾਲੋਨੀ ਦਾ ਰਹਿਣ ਵਾਲਾ ਹੈ, ਦੇ ਸੰਪਰਕ ਵਾਲੇ ਹਨ। ਜਦਕਿ ਇਕ ਮਰੀਜ਼ ਦੀ ਅਮਰਦਾਸ ਨਗਰ ਤੋਂ ਪੁਸ਼ਟੀ ਹੋਈ ਹੈ।
ਉਕਤ ਮਰੀਜ਼ ਨੂੰ ਸਾਹ ਸਬੰਧੀ ਸਮੱਸਿਆ ਹੋਣ ਕਾਰਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਤੇ ਅਹਿਤਿਆਤ ਵਜੋਂ ਉਸ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ, ਜਿਸ ਦੀ ਅੱਜ ਆਈ ਰਿਪੋਰਟ ਵੀ ਉਸ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਥੇ ਦੱਸਣਯੋਗ ਹੈ ਕਿ ਬੀਤੇ ਦਿਨ ਵੀ ਸ਼ਹਿਰ ਦੀ ਪੌਸ਼ ਕਾਲੋਨੀ ਲਾਜਪਤ ਨਗਰ ਤੋਂ ਕੋਰੋਨਾ ਵਾਇਰਸ ਦਾ ਇਕ ਮਰੀਜ਼ ਸਾਹਮਣੇ ਆਇਆ ਸੀ। ਜਲੰਧਰ ਵਿਚ ਹੁਣ ਤੱਕ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 228 ਹੋ ਗਈ ਹੈ, ਜਦਕਿ ਕੋਰੋਨਾ ਦੇ 190 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਤੱਕ ਸ਼ਹਿਰ ਵਿਚ 7 ਮਰੀਜ਼ਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ। ਅੱਜ ਨਵੇਂ ਸਾਹਮਣੇ ਆਏ ਮਾਮਲਿਆਂ ਵਿਚੋਂ ਤਰਨਤਾਰਨ, ਕਪੂਰਥਲਾ ਤੇ ਮੋਹਾਲੀ ਤੋਂ ਕੋਰੋਨਾ ਵਾਇਰਸ ਦਾ ਇਕ-ਇਕ ਮਾਮਲਾ ਸਾਹਮਣੇ ਆਇਆ ਹੈ, ਜਦਕਿ ਅੰਮ੍ਰਿਤਸਰ ਤੋਂ ਇਸ ਦੇ ਇਕੱਠੇ ਚਾਰ ਮਾਮਲੇ ਸਾਹਮਣੇ ਆਏ ਹਨ, ਜੋਕਿ ਇਕੋ ਹੀ ਪਰਿਵਾਰ ਤੋਂ ਹਨ, ਜੋਕਿ ਪਹਿਲਾਂ ਤੋਂ ਹੀ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਸਨ।