Clashes between migrant : ਭਾਵੇਂ ਮੁੱਖ ਮੰਤਰੀ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿਤਰੀ ਰਾਜਾਂ ਵਿਚ ਭੇਜਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜੇ ਵੀ ਉਨ੍ਹਾਂ ਨੂੰ ਵਾਪਸ ਘਰ ਭੇਜਣ ਦੇ ਪੁਖਤਾ ਪ੍ਰਬੰਧ ਸਰਕਾਰ ਵਲੋਂ ਨਹੀਂ ਕੀਤੇ ਗਏ। ਇਸੇ ਅਧੀਨ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ ਵਿਚ ਪ੍ਰਵਾਸੀ ਮਜ਼ਦੂਰਾਂ ਤੇ ਪੁਲਿਸ ਵਿਚਕਾਰ ਟਕਰਾਅ ਹੋ ਗਿਆ। ਬਿਹਾਰ ਜਾਣ ਵਾਲੀ ਗੱਡੀ ਰੱਦ ਹੋਣ ਕਾਰਨ ਪ੍ਰਵਾਸੀ ਮਜ਼ਦੂਰ ਗੁੱਸੇ ਵਿਚ ਨਜ਼ਰ ਆਏ ਅਤੇ ਉਨ੍ਹਾਂ ਨੇ ਪੁਲਿਸ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਉਥੇ ਨਾਰਾਜ਼ ਮਜ਼ਦੂਰਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ ਤੇ ਬਹੁਤ ਸਾਰੇ ਮਜ਼ਦੂਰ ਇਸ ਲਾਠੀਚਾਰਜ ਵਿਚ ਜ਼ਖਮੀ ਵੀ ਹੋ ਗਏ।
ਬਿਹਾਰ ਜਾਣ ਲਈ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਸਕੂਲ ਵਿਚ ਇਕੱਠੇ ਹੋਏ ਸਨ ਪਰ ਜਦੋਂ ਉਨ੍ਹਾਂ ਨੂੰ ਗੱਡੀ ਦੇ ਕੈਂਸਲ ਹੋਣ ਦਾ ਪਤਾ ਲੱਗਾ ਤਾਂ ਉਹ ਭੜਕ ਗਏ ਅਤੇ ਉਨ੍ਹਾਂ ਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਪੱਥਰਬਾਜ਼ੀ ਵਿਚ ਕਾਰਾਂ ਦੇ ਸ਼ੀਸ਼ੇ ਵੀ ਟੁੱਟ ਗਏ। ਪੁਲਿਸ ਵਲੋਂ ਲਾਠੀਆਂ ਵੀ ਚਲਾਈਆਂ ਗਈਆਂ ਤੇ ਉਥੇ ਮਾਹੌਲ ਤਣਾਅਪੂਰਨ ਹੋ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸਰਹਿੰਦ ਰੇਲਵੇ ਸਟੇਸ਼ਨ ‘ਤੇ ਇਕ ਟ੍ਰੇਨ ਵਿਚ 377 ਯਾਤਰੀਆਂ ਨੂੰ ਬਿਹਾਰ ਲਈ ਰਵਾਨਾ ਕੀਤਾ ਗਿਆ ਸੀ ਤੇ ਐਤਵਾਰ ਨੂੰ ਇਕ ਹੋਰ ਟ੍ਰੇਨ ਜਾਣੀ ਸੀ, ਜਿਹੜੀ ਕੈਂਸਲ ਹੋ ਗਈ, ਜਿਸ ਕਾਰਨ ਪ੍ਰਵਾਸੀ ਮਜ਼ਦੂਰਾਂ ਵਿਚ ਕਾਫੀ ਗੁੱਸਾ ਵੇਖਣ ਨੂੰ ਮਿਲਿਆ। ਪ੍ਰਸ਼ਾਸਨ ਵਲੋਂ ਫਿਲਹਾਲ ਹਾਲਾਤ ਨੂੰ ਕੰਟਰੋਲ ਵਿਚ ਕਰ ਲਿਆ ਗਿਆ ਹੈ।
ਪੰਜਾਬ ਸਰਕਾਰ ਵਲੋਂ ਹੁਣ ਤਕ 3,95,000 ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿਤਰੀ ਰਾਜਾਂ ਵਿਚ ਵਾਪਸ ਭੇਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਮਣੀਪੁਰ, ਤਮਿਲਨਾਡੂ ਤੇ ਉਤਰਾਖੰਡ ਲਈ 1-1 ਰੇਲਗੱਡੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਰਵਾਨਾ ਹੋਈ ਹੈ। ਨੋਡਲ ਅਧਿਕਾਰੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਕੁੱਲ 23 ਰੇਲਗੱਡੀਆਂ ਚੱਲੀਆਂ ਤੇ ਇਸ ‘ਤੇ ਸੂਬਾ ਸਰਕਾਰ ਵਲੋਂ 21.8 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।