Air India Security Staff: ਲੁਧਿਆਣਾ: ਏਅਰ ਇੰਡੀਆ ਦਾ 50 ਸਾਲਾਂ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ । ਦਿੱਲੀ ਤੋਂ ਲੁਧਿਆਣਾ ਆ ਰਹੀ ਉਡਾਣ ਵਿੱਚ ਏਅਰ ਇੰਡੀਆ ਦੇ 11 ਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ । ਹਾਲਾਂਕਿ, ਹੋਰ ਸਾਰੇ ਕਰਮਚਾਰੀ ਕੋਰੋਨਾ ਨੈਗੇਟਿਵ ਪਾਏ ਗਏ ਹਨ । ਇਸ ਸਬੰਧੀ ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਸੋਮਵਾਰ ਨੂੰ 166 ਨਮੂਨੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 114 ਵਿਅਕਤੀਆਂ ਦੀ ਰਿਪੋਰਟ ਮਿਲ ਚੁੱਕੀ ਹੈ, ਜਿਨ੍ਹਾਂ ਵਿਚੋਂ 1 ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਕੋਰੋਨਾ ਸੰਕਟ ਵਿਚਕਾਰ ਲਾਗੂ ਲਾਕਡਾਊਨ ਵਿੱਚ 2 ਮਹੀਨਿਆਂ ਬਾਅਦ ਸੋਮਵਾਰ ਨੂੰ ਇੱਕ ਵਾਰ ਫਿਰ ਘਰੇਲੂ ਹਵਾਈ ਯਾਤਰਾ ਸ਼ੁਰੂ ਹੋਈ ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਪੀੜਤ ਵਿਅਕਤੀ ਦਿੱਲੀ ਦਾ ਵਸਨੀਕ ਹੈ ਅਤੇ ਏਅਰ ਇੰਡੀਆ ਨਾਲ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰਦਾ ਹੈ । ਉਹ ਘਰੇਲੂ ਫਲਾਈਟ ਰਾਹੀਂ 25 ਮਈ ਨੂੰ ਸਾਹਨੇਵਾਲ ਹਵਾਈ ਅੱਡੇ ‘ਤੇ ਪਹੁੰਚਿਆ ਸੀ । ਉਨ੍ਹਾਂ ਦੱਸਿਆ ਕਿ ਪੀੜਤ ਕਰਮਚਾਰੀ ਨੂੰ ਆਈਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ, ਜਦੋਂ ਕਿ ਦੂਜੇ ਕਰਮਚਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ।
ਇਸ ਦੌਰਾਨ ਚੇੱਨਈ ਤੋਂ ਕੋਇੰਬਟੂਰ ਜਾਣ ਵਾਲੀ ਇੰਡੀਗੋ ਫਲਾਈਟ ਵਿੱਚ ਵੀ ਇੱਕ ਯਾਤਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇੰਡੀਗੋ ਨੇ ਪੂਰੇ ਸਟਾਫ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ । ਗੌਰਤਲਬ ਹੈ ਕਿ ਹੈ ਕਿ ਕੇਂਦਰ ਨੇ ਪਿਛਲੇ ਹਫਤੇ 25 ਮਈ ਤੋਂ ਘਰੇਲੂ ਉਡਾਣਾਂ ਦਾ ਤੀਜਾ ਹਿੱਸਾ ਚਲਾਉਣ ਦੀ ਆਗਿਆ ਦਿੱਤੀ ਸੀ ।