Corona Positive Cases from Ropar : ਰੂਪਨਗਰ ਜ਼ਿਲੇ ਨੂੰ ਕੋਰੋਨਾ ਮੁਕਤ ਹੋਇਆਂ ਅਜੇ ਕੁਝ ਦਿਨ ਹੀ ਹੋਏ ਸਨ ਕਿ ਇਥੋਂ ਕੋਰੋਨਾ ਵਾਇਰਸ ਦਾ ਮਾਮਲਾ ਮੁੜ ਸਾਹਮਣੇ ਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲੇ ਦੇ ਕਸਬਾ ਨੂਰਪੁਰਬੇਦੀ ਦੇ ਪਿੰਡ ਝੱਜ ਵਿਚ 33 ਸਾਲਾ ਟੈਕਸੀ ਚਾਲਕ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਕਤ ਮਰੀਜ਼ ਕੁਝ ਦਿਨ ਪਹਿਲਾਂ ਦਿੱਲੀ ਤੋਂ ਵਾਪਿਸ ਆਇਆ ਸੀ ਅਤੇ ਘਰ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਸੀ। ਦੋ ਦਿਨ ਪਹਿਲਾਂ ਹੀ ਇਸ ਦਾ ਕੋਰੋਨਾ ਟੈਸਟ ਲਈ ਸੈਂਪਲ ਲਿਆ ਗਿਆ ਸੀ, ਜਿਸ ਦੀ ਬੀਤੀ ਦੇਰ ਸ਼ਾਮ ਸਾਹਮਣੇ ਆਈ ਸੀ। ਇਸ ਤੋਂ ਬਾਅਦ ਉਕਤ ਵਿਅਕਤੀ ਦੇ ਘਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕਰਵਾਇਆ ਗਿਆ ਅਤੇ ਉਸ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰ ਲਿਆ ਗਿਆ ਹੈ।
ਉਧਰ ਮਾਲੇਰਕੋਟਲਾ ਸ਼ਹਿਰ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਮਿਲ ਜਾਣਕਾਰੀ ਮੁਤਾਬਕ ਕੋਰੋਨਾ ਦੇ ਹੁਣ ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਹਨ ਉਹ ਪਹਿਲਾਂ ਤੋਂ ਹੀ ਪਾਜ਼ੀਟਿਵ ਆਈ ਆਸ਼ਾ ਵਰਕਰ ਬਲਵੰਤ ਕੌਰ ਦੀ ਬੇਟੀ ਜਸਪ੍ਰੀਤ ਕੌਰ ਅਤੇ ਲਗਭਗ ਇਕ ਹਫਤਾ ਪਹਿਲਾਂ ਇਸ ਆਸ਼ਾ ਵਰਕਰ ਵੱਲੋਂ ਆਪਣੇ ਹੀ ਮੁਹੱਲੇ ਦੀ ਰਹਿਣ ਵਾਲੀ ਇਕ ਔਰਤ ਦੀ ਕਰਵਾਈ ਗਈ ਡਿਲਵਰੀ ਦੌਰਾਨ ਪੈਦਾ ਹੋਈ ਬੱਚੀ ਨਿਹਾਰਿਕਾ ਸ਼ਾਮਲ ਹੈ।
ਇਹ ਦੋਵੇਂ ਬੱਚੀਆਂ ਆਸ਼ਾ ਵਰਕਰ ਬਲਵੰਤ ਕੌਰ ਦੇ ਸੰਪਰਕ ਵਿਚ ਆਉਣ ਕਾਰਨ ਕੋਰੋਨਾ ਪਾਜ਼ੀਟਿਵ ਹੋ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਮੁਹੰਮਦ ਜਬਰੀਨ ਨਾਂ ਦੇ ਤੀਜੇ ਵਿਅਕਤੀ ਦੇ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਸ਼ਾ ਵਰਕਰ ਦੇ ਸੰਪਰਕ ਵਿਚ ਆਏ ਲੋਕਾਂ ਦੇ ਜੰਗੀ ਪੱਧਰ ’ਤੇ ਸੈਂਪਲ ਲਏ ਜਾ ਰਹੇ ਹਨ।