No motor bills from farmers : ਬੀਤੇ ਕਈ ਦਿਨਾਂ ਤੋਂ ਜਾਰੀ ਪੰਜਾਬ ਦੇ ਕਿਸਾਨਾਂ ਤੋਂ ਮੋਟਰਾਂ ਦੇ ਬਿਲ ਲੈਣ ਅਤੇ ਸਬਸਿਡੀ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦੇ ਮੁੱਦੇ ਤੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਬਿਲ ਨਹੀਂ ਲਵੇਗੀ। ਇਸ ਸੰਬੰਧੀ ਕੈਬਨਿਟ ਮੀਟਿੰਗ ਵਿੱਚ ਕੋਈ ਵੀ ਮਤਾ ਪਾਸ ਨਹੀਂ ਕੀਤਾ ਗਿਆ। ਸਿਰਫ ਕੇਂਦਰ ਦੀ ਸਕੀਮ ’ਤੇ ਵਿਚਾਰ ਚਰਚਾ ਹੀ ਕੀਤੀ ਗਈ ਸੀ। ਬਾਜਵਾ ਨੇ ਸਾਫ ਕੀਤਾ ਹੈ ਕਿ ਭਾਵੇਂ ਕਰਜ਼ਾ ਰੁਕ ਜਾਵੇ ਜਾਂ ਵਿਕਾਸ ਨਾ ਹੋਵੇ ਪਰ ਕੈਪਟਨ ਸਰਕਾਰ ਕਿਸਾਨਾਂ ’ਤੇ ਬਿੱਲ ਨਹੀਂ ਲਗਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ’ਤੇ ਬਿੱਲ ਲਗਾਉਣ ਲਈ ਸਾਡੇ ’ਤੇ ਦਬਾਅ ਬਣਾ ਰਹੀ ਹੈ। ਕੇਂਦਰ ਨੇ ਸ਼ਰਤ ਰਖੀ ਹੈ ਕਿ ਪਹਿਲਾਂ ਕਿਸਾਨਾਂ ’ਤੇ ਬਿੱਲ ਲਗਾਇਆ ਜਾਵੇ ਫਿਰ ਸੂਬੇ ਨੂੰ ਕਰਜ਼ਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ੁੱਕਰਵਾਰ ਨੂੰ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਵਿਚ ਖੇਤੀ ਮੋਟਰਾਂ ਲਈ ਮੁਫਤ ਬਿਜਲੀ ਸਪਲਾਈ ਕਿਸੇ ਕੀਮਤ ’ਤੇ ਬੰਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਅਜਿਹਾ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੀ। ਬਾਜਵਾ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਵਿਚ ਕੈਪਟਨ ਸਰਕਾਰ ਹੈ ਉਦੋਂ ਤੱਕ ਕਿਸਾਨੀ ਮੋਟਰਾਂ ’ਤੇ ਮੁਫਤ ਬਿਜਲੀ ਸਪਲਾਈ ਜਾਰੀ ਰਹੇਗੀ।
ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਦਾ ਨਿੱਜੀਕਰਨ ਕਰਨ ਦੀ ਤਿਆਰੀ ’ਚ ਹੈ, ਜਦਕਿ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕਰਦੇ ਹਨ ਕਿ ਸਿਰਫ ਕੁਰਸੀ ਵਾਸਤੇ ਉਹ ਚੁੱਪ ਵੱਟ ਕੇ ਨਾ ਬੈਠੇ ਰਹਿਣ। ਬਾਜਵਾ ਨੇ ਅੱਗੇ ਕਿਹਾ ਕਿ ਅਕਾਲੀ ਦਲ ਜਾਣ ਬੁੱਝ ਕੇ ਇਸ ਮਾਮਲੇ ’ਤੇ ਸਿਆਸਤ ਕਰ ਰਿਹਾ ਹੈ, ਜਦਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਦਾਲ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਇਸ ਮਾਮਲੇ ’ਤੇ ਕੇਂਦਰ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ।