Haryana releases Unlock 1 guidelines: ਹਰਿਆਣਾ ਸਰਕਾਰ ਨੇ ਐਤਵਾਰ ਨੂੰ ਤਾਲਾਬੰਦੀ ਦੇ ਅਗਲੇ ਪੜਾਅ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਅੱਜ (1 ਜੂਨ) ਤੋਂ ਅੰਤਰਰਾਜੀ ਸੀਮਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਜਿਸ ਵਿੱਚ ਇਸਦੀ ਦਿੱਲੀ ਨਾਲ ਲੱਗਦੀ ਸਰਹੱਦ ਸ਼ਾਮਿਲ ਹੈ। ਇਸਦੇ ਨਾਲ ਹੀ 8 ਜੂਨ ਤੋਂ ਰਾਜ ਵਿੱਚ ਧਾਰਮਿਕ ਸਥਾਨ, ਹੋਟਲ ਅਤੇ ਮਾਲ ਵੀ ਖੁੱਲ੍ਹਣਗੇ। ਹਰਿਆਣਾ ਸਰਕਾਰ ਨੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਅੱਜ ਤੋਂ ਤਾਲਾਬੰਦੀ ਦੇ ਅਗਲੇ ਪੜਾਅ ਲਈ ਲੋਕਾਂ ਅਤੇ ਸਮਾਨ ਦੀ ਅੰਤਰਰਾਜੀ ਆਵਾਜ਼ਾਈ ਦੀ ਆਗਿਆ ਦੇ ਦਿੱਤੀ ਹੈ। ਰਾਜ ਵਿੱਚ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਬੰਦੀ 30 ਜੂਨ ਤੱਕ ਪ੍ਰਤਿਬੰਧਿਤ ਇਲਾਕਿਆਂ ਵਿੱਚ ਜਾਰੀ ਰਹੇਗੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਦੇਰ ਸ਼ਾਮ ਆਪਣੇ ਕੁੱਝ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕੇਂਦਰ ਦੇ ਨਵੇਂ ਤਾਲਾਬੰਦ ਦਿਸ਼ਾ-ਨਿਰਦੇਸ਼ਾਂ ‘ਤੇ ਇਹ ਫੈਸਲਾ ਲਿਆ।
ਰਾਜ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਤਿੰਨ ਘੰਟੇ ਚੱਲੀ ਇਸ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ ਲੋਕਾਂ ਅਤੇ ਸਮਾਨ ਦੀ ਅੰਤਰਰਾਜੀ ਅਤੇ ਅੰਤਰ ਜ਼ਿਲਾ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੁਣ 2 ਲੱਖ ਦੇ ਨੇੜੇ ਹੋ ਗਈ ਹੈ। ਮੰਤਰਾਲੇ ਦੇ ਅਨੁਸਾਰ, ਹੁਣ ਤੱਕ 1 ਲੱਖ 90 ਹਜ਼ਾਰ 535 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਵਿੱਚ 5394 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 91819 ਲੋਕ ਠੀਕ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ 8392 ਦਾ ਵਾਧਾ ਹੋਇਆ ਹੈ ਅਤੇ 230 ਮੌਤਾਂ ਹੋਈਆਂ ਹਨ।