Corona knocked again in Muktsar : ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਵੱਖ-ਵੱਖ ਜ਼ਿਲਿਆਂ ਵਿਚ ਇਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਮੁਕਤ ਹੋ ਚੁੱਕੇ ਸ੍ਰੀ ਮੁਕਤਸਰ ਸਾਹਿਬ ਵਿਚ ਇਸ ਮਹਾਮਾਰੀ ਨੇ ਮੁੜ ਦਸਤਕ ਦੇ ਦਿੱਤੀ ਹੈ, ਜਿਥੇ ਕੋਰੋਨਾ ਦੇ ਦੋ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਇਕ ਮਰੀਜ਼ ਮਲੋਟ ਦਾ ਰਹਿਣ ਵਾਲਾ ਹੈ, ਜਦਕਿ ਇਕ ਔਰਤ ਲੰਬੀ ਹਲਕੇ ਨਾਲ ਸਬੰਧਤ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਮਲੋਟ ਵਾਲਾ ਵਿਅਕਤੀ ਪਿਛਲੇ ਦਿਨੀਂ ਗੁੜਗਾਓਂ ਤੋਂ ਪੰਜਾਬ ਵਾਪਿਸ ਆਇਆ ਸੀ ਅਤੇ ਮੁੱਢਲੀ ਜਾਂਚ ਤੋਂ ਬਾਅਦ ਹੀ ਉਸ ਨੂੰ ਆਈਸੋਲੇਟ ਕੀਤਾ ਗਿਆ ਸੀ ਅਤੇ ਕੋਰੋਨਾ ਟੈਸਟ ਦੇ ਸੈਂਪਲ ਲੈ ਲਏ ਗਏ, ਜਿਸ ਵਿਚ ਉਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਉਧਰ ਲੰਬੀ ਹਲਕੇ ਨਾਲ ਸਬੰਧਤ ਔਰਤ ਪਿੰਡ ਤਰਮਾਲਾ ਦੀ ਰਹਿਣ ਵਾਲੀ ਹੈ। ਇਨ੍ਹਾਂ ਦੋਹਾਂ ਮਾਮਲਿਆਂ ਦੀ ਪੁਸ਼ਟੀ ਸਿਵਲ ਸਰਜਨ ਡਾ. ਐਚ. ਐਨ. ਸਿੰਘ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲੇ ਵਿਚ 67 ਐਕਟਿਵਸ ਮਾਮਲੇ ਸਨ, ਜਿਨ੍ਹਾਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਸੀ ਜਿਸ ਨਾਲ ਜ਼ਿਲਾ ਕੋਰੋਨਾ ਮੁਕਤ ਹੋ ਗਿਆ ਸੀ ਪਰ ਹੁਣ ਫਿਰ ਨਵੇਂ ਮਰੀਜ਼ ਮਿਲਣ ਨਾਲ ਇਹ ਜ਼ਿਲਾ ਓਰੈਂਜ ਜ਼ੋਨ ਵਿਚ ਆ ਗਿਆ ਹੈ।
ਦੱਸ ਦੇਈਏ ਕਿ ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚ ਕੋਰੋਨਾ ਦੇ 41 ਹੋਰ ਨਵੇਂ ਪਾਜ਼ੇਟਿਵ ਕੇਸ ਵੀ 24 ਘੰਟਿਆਂ ਦੌਰਾਨ ਆਏ ਹਨ। ਇਸ ਤਰ੍ਹਾਂ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 2342 ਤਕ ਪਹੁੰਚ ਗਿਆ ਹੈ। ਇਸ ‘ਚੋਂ 2017 ਹੁਣ ਤਕ ਠੀਕ ਹੋਏ ਹਨ। ਬੀਤੇ ਦਿਨ ‘ਚ ਠੀਕ ਹੋਣ ਵਾਲਿਆਂ ਦੀ ਗਿਣਤੀ 17 ਰਹੀ ਹੈ।