Greek demonstrators hurl firebombs: ਵਾਸ਼ਿੰਗਟਨ: ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦਾ ਮਾਮਲਾ ਪੂਰੀ ਦੁਨੀਆ ਵਿੱਚ ਗਰਮਾ ਰਿਹਾ ਹੈ । ਸਾਰੇ ਦੇਸ਼ਾਂ ਵਿੱਚ ਪੁਲਿਸ ਦੀਆਂ ਵਧੀਕੀਆਂ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਅਮਰੀਕਾ ਦੇ ਸਾਰੇ ਰਾਜਾਂ ਵਿੱਚ ਪ੍ਰਦਰਸ਼ਨਕਾਰੀ ਸੜਕ ‘ਤੇ ਹਨ। ਪ੍ਰਦਰਸ਼ਨਕਾਰੀਆਂ ਦੀ ਭੀੜ ਐਥਨਜ਼ ਵਿੱਚ ਹਿੰਸਕ ਹੋ ਗਈ ਅਤੇ ਉਨ੍ਹਾਂ ਨੇ ਅਮਰੀਕੀ ਦੂਤਾਵਾਸ ‘ਤੇ ਬੰਬ ਸੁੱਟ ਦਿੱਤਾ ।
ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਨ੍ਹੀਂ ਦਿਨੀਂ ਹਿੰਸਾ ਅਤੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰ ਰਿਹਾ ਹੈ । ਪੁਲਿਸ ਹਿਰਾਸਤ ਵਿੱਚ ਜਾਰਜ ਫਲਾਈਡ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਸੈਂਕੜੇ ਲੋਕ ਨਿਊਯਾਰਕ ਦੇ ਯੂਨੀਅਨ ਚੌਕ ‘ਤੇ ਇਕੱਠੇ ਹੋਏ ਅਤੇ ਗੋਡਿਆਂ’ ਤੇ ਬੈਠ ਗਏ ਅਤੇ ਆਪਣਾ ਵਿਰੋਧ ਦਰਜ ਕਰਵਾਇਆ ।
ਇਸ ਦੌਰਾਨ ਲੋਕਾਂ ਨੇ ਬਲੈਕ ਲਿਵਜ਼ ਮੈਟਰ ਦੀ ਨਾਅਰੇਬਾਜ਼ੀ ਕੀਤੀ। ਉੱਥੇ ਹੀ ਕੈਲੀਫੋਰਨੀਆ ਵਿੱਚ ਵੀ ਨਾਰਾਜ਼ ਪ੍ਰਦਰਸ਼ਨਕਾਰੀਆਂ ਦਾ ਇਕੱਠ ਹੋਇਆ ਅਤੇ ਪ੍ਰਦਰਸ਼ਨਕਾਰੀਆਂ ਨੇ ਸੜਕਾਂ ‘ਤੇ ਪੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਪੇਟ ਦੇ ਬਲ ਜਮੀਨ ‘ਤੇ ਪੈ ਕੇ ਲੋਕਾਂ ਨੇ ਹੱਥ ਪਿੱਛੇ ਕਰ ਕੇ ਆਪਣਾ ਵਿਰੋਧ ਜਤਾਇਆ । ਪ੍ਰਦਰਸ਼ਨ ਦੌਰਾਨ ਲੋਕਾਂ ਨੇ ਸਮਾਜਿਕ ਦੂਰੀ ਦਾ ਵੀ ਧਿਆਨ ਨਹੀਂ ਰੱਖਿਆ ।
ਵਾਸ਼ਿੰਗਟਨ ਵਿੱਚ ਲਿੰਕਨ ਮੈਮੋਰੀਅਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਗੁੱਸਾ ਅਚਾਨਕ ਭੜਕ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਖਾਲੀ ਬੋਤਲਾਂ ਨਾਲ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ । ਇਸ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਮੁਲਾਜ਼ਮਾਂ ਖਿਲਾਫ਼ ਨਾਅਰੇਬਾਜ਼ੀ ਕਰਦੇ ਵੀ ਦਿਖਾਈ ਦਿੱਤੇ । ਉੱਥੇ ਵ੍ਹਾਈਟ ਹਾਊਸ ਦੇ ਬਾਹਰ ਪ੍ਰਦਰਸ਼ਨਕਾਰੀ ਅਜੇ ਵੀ ਮੌਜੂਦ ਹਨ, ਜਦੋਂ ਕਿ ਉੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ।
ਦੱਸ ਦੇਈਏ ਕਿ 25 ਮਈ ਨੂੰ ਮਿਨੀਸੋਟਾ ਵਿੱਚ ਜਾਰਜ ਫਲਾਈਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ । ਜਾਰਜ ਸਿਰਫ 20 ਡਾਲਰ ਦੇ ਜਾਅਲੀ ਨੋਟ ਚਲਾਉਣ ਦੇ ਦੋਸ਼ ਵਿੱਚ ਫੜਿਆ ਗਿਆ ਸੀ ਅਤੇ ਇੱਕ ਪੁਲਿਸ ਮੁਲਾਜ਼ਮ ਨੇ ਉਸਨੂੰ ਜ਼ਮੀਨ ‘ਤੇ ਸੁੱਟ ਕੇ ਉਸਦੀ ਗਰਦਨ ਨੂੰ ਪੈਰਾਂ ਹੇਠਾਂ ਉਦੋਂ ਤੱਕ ਦਬਾ ਕ ਰੱਖਿਆ, ਜਦੋਂ ਤੱਕ ਉਸਦੀ ਮੌਤ ਨਾ ਹੋ ਗਈ ।