George Floyd death: ਵਾਸ਼ਿੰਗਟਨ: ਜਾਰਜ ਫਲਾਇਡ ਦੀ ਮੌਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ । ਫਲਾਇਡ ਦੀ ਮੌਤ ਦੇ ਦੋਸ਼ੀ ਸਾਰੇ ਪੁਲਿਸ ਮੁਲਾਜ਼ਮਾਂ ‘ਤੇ ਪਰਚਾ ਦਰਜ ਕੀਤਾ ਗਿਆ ਹੈ । ਇਨ੍ਹਾਂ ਵਿੱਚੋਂ ਇੱਕ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਕੀਤਾ ਗਿਆ ਸੀ, ਹੁਣ ਬਾਕੀ ਬਚੇ ਪੁਲਿਸ ਵਾਲਿਆਂ ‘ਤੇ ਵੀ ਕਾਰਵਾਈ ਕੀਤੀ ਗਈ ਹੈ । ਅਮਰੀਕਾ ਦੇ ਮਿਨੀਆਪੋਲਿਸ ਵਿੱਚ ਪੁਲਿਸ ਅਧਿਕਾਰੀ ਨੇ ਜਾਰਜ ਫਲਾਈਡ ਦੀ ਗੋਡੇ ਨਾਲ ਗਲਾ ਘੁੱਟ ਕੇ ਕੀਤੇ ਕਤਲ ਦਾ ਵਿਰੋਧ ਹੁਣ ਪੂਰੀ ਦੁਨੀਆਂ ਵਿੱਚ ਫੈਲ ਗਿਆ ਹੈ । ਇਸ ਘਟਨਾ ਦੇ ਵਿਰੋਧ ਵਿੱਚ ਸਿਡਨੀ ਤੋਂ ਪੈਰਿਸ ਤੱਕ ਪ੍ਰਦਰਸ਼ਨ ਹੋ ਰਹੇ ਹਨ । ਯੂਰਪੀਅਨ ਯੂਨੀਅਨ (EU) ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਕਿ ਯੂਰਪੀ ਸੰਘ ਇਸ ਘਟਨਾ ਤੋਂ ਹੈਰਾਨ ਹੈ । ਉੱਥੇ ਹੀ ਹਜ਼ਾਰਾਂ ਲੋਕਾਂ ਨੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਮਾਰਚ ਕੱਢਿਆ ।
ਜ਼ਿਕਰਯੋਗ ਹੈ ਕਿ ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਭੜਕਿਆ । ਪਿਛਲੇ ਹਫਤੇ ਅਮਰੀਕਾ ਦੇ ਮਿਨੀਆਪੋਲਿਸ ‘ਚ ਫਲਾਈਡ ਦੀ ਮੌਤ ਹੋ ਗਈ ਜਦੋਂ ਇੱਕ ਪੁਲਿਸ ਅਧਿਕਾਰੀ ਨੇ ਉਸ ਦੀ ਗਰਦਨ ਨੂੰ ਗੋਡੇ ਨਾਲ ਦਬਾਈ ਰੱਖਿਆ, ਜਦ ਤੱਕ ਉਸ ਨੇ ਦਮ ਨਹੀਂ ਤੋੜ ਦਿੱਤਾ । ਡੈਰੇਕ ਚੌਵਿਨ ਨਾਮ ਦਾ ਪੁਲਿਸ ਅਧਿਕਾਰੀ ਜਾਰਜ ਦੇ ਗਲੇ ‘ਤੇ ਗੋਡਿਆਂ ਭਾਰ ਬੈਠਾ ਹੋਇਆ ਸੀ ਅਤੇ ਜਾਰਜ ਵਾਰ-ਵਾਰ ਕਹਿ ਰਿਹਾ ਸੀ, “ਮੈਂ ਸਾਹ ਨਹੀਂ ਲੈ ਸਕਦਾ ।”
ਯੂਰਪੀਅਨ ਸੰਘ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਪ ਬੋਰੇਲ ਨੇ ਸੰਗਠਨ ਵੱਲੋਂ ਹੁਣ ਤੱਕ ਸਭ ਤੋਂ ਸਖਤ ਪ੍ਰਤੀਕ੍ਰਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਫਲਾਇਡ ਦੀ ਮੌਤ ਅਧਿਕਾਰਾਂ ਦੀ ਦੁਰਵਰਤੋਂ ਦਾ ਨਤੀਜਾ ਹੈ । ਅਮਰੀਕਾ ਦੇ ਲੋਕਾਂ ਦੀ ਤਰ੍ਹਾਂ ਅਸੀਂ ਵੀ ਫਲੋਇਡ ਦੀ ਮੌਤ ਤੋਂ ਹੈਰਾਨ ਹਾਂ । ਜੋਸੇਪ ਬੋਰੇਲ ਨੇ ਕਿਹਾ ਯੂਰਪੀਅਨ ਸ਼ਾਂਤਮਈ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਸਮਰਥਨ ਕਰਦੇ ਹਨ ਅਤੇ ਇਸ ਦੇ ਨਾਲ ਹੀ ਕਿਸੇ ਵੀ ਕਿਸਮ ਦੀ ਹਿੰਸਾ ਅਤੇ ਨਸਲਵਾਦ ਦਾ ਵਿਰੋਧ ਕਰਦੇ ਹਨ । ਉਨ੍ਹਾਂ ਕਿਹਾ ਕਿ ਅਸੀਂ ਤਣਾਅ ਨੂੰ ਘਟਾਉਣ ਲਈ ਯਕੀਨੀ ਤੌਰ ‘ਤੇ ਅਪੀਲ ਕਰਦੇ ਹਾਂ । ਪੂਰੀ ਦੁਨੀਆ ਵਿੱਚ ਫਲਾਇਡ ਦੀ ਮੌਤ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀ ਇਕਮੁੱਠਤਾ ਦਾ ਪ੍ਰਦਰਸ਼ਨ ਕਰ ਰਹੇ ਹਨ।