Kerala Elephant Death: ਕੇਰਲ ਵਿੱਚ ਇੱਕ ਗਰਭਵਤੀ ਮਾਦਾ ਹਾਥੀ ਦੀ ਮੌਤ ਦਾ ਮਾਮਲਾ ਰਫ਼ਤਾਰ ਫੜ੍ਹਦਾ ਜਾ ਰਿਹਾ ਹੈ । ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਜਿਨ੍ਹਾਂ ਨੇ ਅਨਾਨਾਸ ਵਿੱਚ ਵਿਸਫੋਟਕ ਰੱਖ ਕੇ ਹਾਥੀ ਨੂੰ ਖੁਆਇਆ ਸੀ, ਉਨ੍ਹਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ । ਇਸ ਦੌਰਾਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਹਾਥੀ ਦੀ ਮੌਤ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਬਹੁਤ ਗੰਭੀਰ ਹੈ । ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਕੇਰਲ ਦੇ ਮੱਲਪੁਰਮ ਵਿੱਚ ਇੱਕ ਹਾਥੀ ਦੀ ਹੱਤਿਆ ਦੇ ਮਾਮਲੇ ਵਿੱਚ ਗੰਭੀਰਤਾ ਦਿਖਾਈ ਹੈ ।
ਅਸੀਂ ਸਹੀ ਤਰੀਕੇ ਨਾਲ ਜਾਂਚ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ । ਹਾਥੀਆਂ ਨੂੰ ਪਟਾਕੇ ਖੁਆਉਣਾ ਅਤੇ ਮਾਰਨਾ ਭਾਰਤੀ ਸੰਸਕ੍ਰਿਤੀ ਨਹੀਂ ਹੈ । ਗੌਰਤਲਬ ਹੈ ਕਿ ਕੇਰਲ ਦੇ ਮੱਲਪੁਰਮ ਤੋਂ ਮਨੁੱਖਤਾ ਨੂੰ ਹਿਲਾ ਦੇਣ ਵਾਲੀ ਇੱਕ ਤਸਵੀਰ ਸਾਹਮਣੇ ਆਈ ਹੈ । ਇੱਥੇ ਇੱਕ ਗਰਭਵਤੀ ਮਾਦਾ ਹਾਥੀ ਭੋਜਨ ਦੀ ਭਾਲ ਵਿੱਚ ਜੰਗਲ ਦੇ ਨੇੜੇ ਵਾਲੇ ਪਿੰਡ ਪਹੁੰਚ ਗਈ, ਪਰ ਉੱਥੇ ਸ਼ਰਾਰਤੀ ਅਨਸਰਾਂ ਨੇ ਅਨਾਨਾਸ ਵਿੱਚ ਪਟਾਕੇ ਭਰ ਕੇ ਹਾਥੀ ਨੂੰ ਖੁਆ ਦਿੱਤੇ, ਜਿਸ ਨਾਲ ਉਸਦੇ ਮੂੰਹ ਅਤੇ ਜਬਾੜੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ।
ਜੰਗਲਾਤ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਵਿਸਫੋਟਕ ਨਾਲ ਉਸਦੇ ਦੰਦ ਵੀ ਟੁੱਟ ਗਏ ਸਨ । ਇਸ ਤੋਂ ਬਾਅਦ ਵੀ ਮਾਦਾ ਹਾਥੀ ਨੇ ਪਿੰਡ ਵਿੱਚ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਤੇ ਉਹ ਵੇਲੀਅਰ ਨਦੀ ਦੇ ਕੋਲ ਪਹੁੰਚੀ, ਜਿੱਥੇ ਉਹ ਤਿੰਨ ਦਿਨਾਂ ਤੱਕ ਪਾਣੀ ਵਿੱਚ ਖੜੀ ਰਹੀ । ਬਾਅਦ ਵਿੱਚ ਉਸਦੀ ਅਤੇ ਉਸਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ । ਜੰਗਲਾਤ ਵਿਭਾਗ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਗਰਭਵਤੀ ਮਾਦਾ ਹਾਥੀ ਦੀ ਹੱਤਿਆ ਕਰਨ ਦਾ ਕੇਸ ਦਰਜ ਕਰ ਲਿਆ ਹੈ । ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜ੍ਹਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ । ਮਨੁੱਖਾਂ ਅਤੇ ਜਾਨਵਰਾਂ ਵਿਚਾਲੇ ਟਕਰਾਅ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਇਹ ਪਹਿਲਾ ਮੌਕਾ ਹੈ ਜਦੋਂ ਇਸ ਤਰ੍ਹਾਂ ਵਿਸਫੋਟਕਾਂ ਨੂੰ ਖੁਆ ਕੇ ਇੱਕ ਹਾਥੀ ਨੂੰ ਮਾਰਿਆ ਗਿਆ ਸੀ ।